ਚੰਡੀਗੜ੍ਹ ਡੈਸਕ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਸੰਸਦ ਮੈਂਬਰ ਵਜੋਂ ਰਾਜ ਸਭਾ ਤੋਂ ਮੁਅੱਤਲ ਕਰਨ ਤੋਂ ਬਾਅਦ ਲਗਾਤਾਰ ਸਿਆਸਤ ਭਖ ਰਹੀ ਹੈ। ਆਪ ਦੇ ਨੌਜਵਾਨ ਆਗੂ ਵਜੋਂ ਰਾਘਵ ਚੱਢਾ ਦਾ ਸਿਆਸੀ ਕਰੀਅਰ ਵੀ ਰੌਚਕ ਰਿਹਾ ਹੈ। ਆਓ ਜਾਣਦੇ ਹਾਂ ਕਿ ਆਖਿਰ ਰਾਘਵ ਚੱਢਾ ਨੂੰ ਕਿਉਂ ਮੁਅੱਤਲ ਕੀਤਾ ਗਿਆ ਹੈ ਅਤੇ ਉਨ੍ਹਾਂ ਖਿਲਾਫ ਕਿਹੜਾ ਮਾਮਲਾ ਹੈ।
ਦਰਅਸਲ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੇ ਖਿਲਾਫ਼ ਇਲਜ਼ਾਮ ਲੱਗਾ ਹੈ ਕਿ ਰਾਘਵ ਚੱਢਾ ਨੇ ਦਿੱਲੀ ਸੇਵਾ ਬਿੱਲ 'ਤੇ ਪ੍ਰਸਤਾਵਿਤ ਸਿਲੈਕਟ ਕਮੇਟੀ ਵਿੱਚ ਸਹਿਮਤੀ ਤੋਂ ਬਿਨਾਂ ਹੀ ਮਤੇ 'ਚ ਨਾਂ ਪਾਇਆ ਹੈ। ਲੰਘੇ ਦਿਨ ਵੀ ਰਾਘਵ ਚੱਢਾ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਇਲਜਾਮ ਲਾਏ ਗਏ ਸਨ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ 'ਤੇ ਝੂਠੇ ਮਾਮਲੇ ਪਾ ਕੇ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਇਹ ਸਾਜਿਸ਼ ਰਚੀ ਗਈ ਹੈ।
ਰਾਘਵ ਚੱਢਾ ਉੱਤੇ ਲੱਗੇ ਸੀ ਇਲਜ਼ਾਮ :ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸੰਸਦ ਮੈਂਬਰ ਰਾਘਵ ਚੱਢਾ 'ਤੇ ਇਲਜ਼ਾਮ ਲਾਏ ਗਏ ਸਨ ਕਿ ਰਾਘਵ ਚੱਢਾ ਨੇ ਮਤੇ ਵਿੱਚ ਬਿਨਾਂ ਮਨਜ਼ੂਰੀ ਦੇ MPs ਦਾ ਨਾਂ ਪਾਇਆ ਹੈ। ਹਾਲਾਂਕਿ ਰਾਘਵ ਚੱਢਾ ਨੇ ਕਿਹਾ ਸੀ ਕਿ ਅਜਿਹਾ ਕੁੱਝ ਵੀ ਨਹੀਂ ਕੀਤਾ ਗਿਆ ਹੈ ਅਤੇ ਰਾਜ ਸਭਾ ਦੀ ਨਿਯਮਵਲੀ ਦੇ ਮੁਤਾਬਿਕ ਹੀ ਮੈਂਬਰ ਦਾ ਨਾਂ ਪ੍ਰਸਤਾਵਿਤ ਹੋ ਸਕਦਾ ਹੈ ਅਤੇ ਕੋਈ ਵੀ ਮੈਂਬਰ ਨਾਂ ਪ੍ਰਸਤਾਵਿਤ ਕਰ ਸਕਦਾ ਹੈ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਪੇਪਰ ਦਿਖਾਇਆ ਜਾਵੇ, ਜਿਸ ਵਿੱਚ ਇਹ ਦਸਤਖ਼ਤ ਹਨ। ਹਾਲਾਂਕਿ ਉਹ ਆਪਣੀ ਗੱਲ ਉੱਤੇ ਅੜੇ ਹੋਏ ਹਨ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਲੰਘੀ 7 ਅਗਸਤ ਦਾ ਹੈ। ਜਾਣਕਾਰੀ ਮੁਤਾਬਿਕ ਰਾਤ 10 ਵਜੇ ਦਿੱਲੀ ਸੇਵਾ ਬਿੱਲ ਰਾਜ ਸਭਾ ਵਿੱਚ ਪਾਸ ਕੀਤਾ ਗਿਆ ਸੀ। ਆਪ ਦੇ ਸਾਂਸਦ ਮੈਂਬਰ ਰਾਘਵ ਚੱਢਾ ਨੇ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਰੱਖਿਆ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਘਵ ਚੱਢਾ ਨੇ ਮਤੇ 'ਤੇ 5 ਸੰਸਦ ਮੈਂਬਰਾਂ ਦੇ ਜਾਅਲੀ ਹਸਤਾਖਰ ਕੀਤੇ ਹਨ। ਇਸਦੀ ਜਾਂਚ ਵੀ ਮੰਗੀ ਗਈ ਸੀ।
ਰਾਘਵ ਚੱਢਾ ਨੇ ਕੀਤੀ ਸੀ ਪ੍ਰੈੱਸ ਕਾਨਫਰੰਸ :ਲੰਘੇ ਦਿਨੀਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੇਰੇ 'ਤੇ ਜਾਅਲੀ ਦਸਤਖਤ ਕਰਨ ਦੇ ਦੋਸ਼ ਲਾਏ ਜਾ ਰਹੇ ਹਨ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਉਨ੍ਹਾਂ ਖਿਲਾਫ ਲਗਾਤਾਰ ਮਾੜਾ ਪ੍ਰਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਰਾਘਵ ਚੱਢਾ ਨੇ ਭਾਜਪਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਦੇ ਦਸਤਖਤ ਵਾਲੇ ਕਾਗਜ਼ ਦਿਖਾਏ ਜਾਣ।
ਦਸਤਖਤਾਂ ਦੀ ਗਲਤ ਵਿਆਖਿਆ :ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਹੈ ਕਿ ਜਦੋਂ ਵੀ ਕੋਈ ਨੋਟਿਸ ਆਵੇਗਾ, ਉਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਵਿਸਥਾਰ ਨਾਲ ਜਵਾਬ ਦਿੱਤਾ ਜਾਵੇਗਾ। ਇਸ ਪੂਰੇ ਮਾਮਲੇ 'ਚ ਆਮ ਆਦਮੀ ਪਾਰਟੀ ਨੇ ਆਪਣੇ ਬਿਆਨ 'ਚ ਸਪੱਸ਼ਟ ਕੀਤਾ ਹੈ ਕਿ ਸੰਸਦੀ ਨਿਯਮਾਂ ਅਤੇ ਵਿਧੀ ਅਨੁਸਾਰ ਚੋਣ ਕਮੇਟੀ ਨੂੰ ਮੈਂਬਰਾਂ ਦੇ ਨਾਵਾਂ ਦਾ ਪ੍ਰਸਤਾਵ ਦੇਣ ਤੋਂ ਪਹਿਲਾਂ ਕਿਸੇ ਦੇ ਦਸਤਖਤ ਜਾਂ ਲਿਖਤੀ ਸਹਿਮਤੀ ਦੀ ਲੋੜ ਨਹੀਂ ਹੈ। ਇਸ ਵਿੱਚ ਨਾ ਤਾਂ ਦਸਤਖਤ ਦੀ ਲੋੜ ਹੈ ਅਤੇ ਨਾ ਹੀ ਕੋਈ ਦਸਤਖਤ ਪੇਸ਼ ਕੀਤੇ ਗਏ ਹਨ। ਇਸ ਲਈ ਦਸਤਖਤਾਂ ਦੀ ਗਲਤ ਵਿਆਖਿਆ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਸੰਸਦੀ ਬੁਲੇਟਿਨ 'ਚ ਕਿਤੇ ਵੀ ਜਾਅਲਸਾਜ਼ੀ ਦਾ ਜ਼ਿਕਰ ਨਹੀਂ:ਰਾਘਵ ਚੱਢਾ ਨੇ ਦਾਅਵਾ ਕੀਤਾ ਹੈ ਕਿ ਨਿਯਮ ਸਪੱਸ਼ਟ ਤੌਰ 'ਤੇ ਕਹਿੰਦਾ ਹੈ ਕਿ ਮੈਂਬਰਾਂ ਦੇ ਨਾਂ ਵਾਪਸ ਲਏ ਜਾ ਸਕਦੇ ਹਨ ਜੇਕਰ ਉਨ੍ਹਾਂ ਦਾ ਕਮੇਟੀ ਦਾ ਹਿੱਸਾ ਬਣਨ ਦਾ ਕੋਈ ਇਰਾਦਾ ਨਹੀਂ ਹੈ। ਹਕੀਕਤ ਇਹ ਵੀ ਹੈ ਕਿ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਜਾਰੀ ਕੀਤੇ ਗਏ ਸੰਸਦੀ ਬੁਲੇਟਿਨ ਵਿੱਚ ਕਿਤੇ ਵੀ ਜਾਅਲਸਾਜ਼ੀ, ਨਿਸ਼ਾਨ ਜਾਂ ਦਸਤਖਤ ਵਰਗੇ ਸ਼ਬਦ ਦਾ ਜ਼ਿਕਰ ਨਹੀਂ ਕੀਤਾ ਗਿਆ। ਮੈਂ ਹੱਥ ਜੋੜ ਕੇ ਮੀਡੀਆ ਨੂੰ ਸੱਚ ਦਿਖਾਉਣ ਦੀ ਬੇਨਤੀ ਕਰਦਾ ਹਾਂ। ਮੀਡੀਆ ਦਾ ਇੱਕ ਛੋਟਾ ਜਿਹਾ ਹਿੱਸਾ ਮੇਰੇ ਖਿਲਾਫ ਭੈੜਾ ਪ੍ਰਚਾਰ ਕਰ ਰਿਹਾ ਹੈ ਅਤੇ ਮੈਨੂੰ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ। ਮੈਨੂੰ ਉਨ੍ਹਾਂ ਸੰਸਦ ਮੈਂਬਰਾਂ ਵਿਰੁੱਧ ਅਦਾਲਤ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਵਿੱਚ ਵੀ ਸ਼ਿਕਾਇਤ ਦਰਜ ਕਰਨੀ ਪਵੇਗੀ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਜਾਅਲੀ ਦਸਤਖਤ ਕੀਤੇ ਹਨ। ਭਾਜਪਾ ਦੇ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਰਾਘਵ ਚੱਢਾ ਨੇ ਦਿੱਲੀ ਐਨਸੀਟੀ ਸੋਧ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੇ ਪ੍ਰਸਤਾਵ ਵਿੱਚ ਉਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ।
ਰਾਘਵ ਚੱਢਾ ਦਾ ਰਾਜਨੀਤਕ ਸਫ਼ਰ :-
- ਰਾਘਵ ਚੱਢਾ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਹਨ ਅਤੇ ਉਹ ਸਭ ਤੋਂ ਘੱਟ ਉਮਰ ਦੇ ਰਾਜ ਸਭਾ ਮੈਂਬਰ ਵਜੋਂ ਮਸ਼ਹੂਰ ਹਨ।
- ਰਾਘਵ ਚੱਢਾ ਦਾ ਜਨਮ 11 ਨਵੰਬਰ 1988 ਨੂੰ ਦਿੱਲੀ 'ਚ ਹੋਇਆ ਸੀ।
- ਉਨ੍ਹਾਂ ਨੇ ਸਕੂਲੀ ਪੜ੍ਹਾਈ ਦਿੱਲੀ ਦੇ ਮਾਡਰਨ ਸਕੂਲ ਤੋਂ ਪੂਰੀ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਲਈ।
- ਚੱਢਾ ਨੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਤੋਂ ਚਾਰਟਰਡ ਅਕਾਊਂਟੈਂਟਸ ਦੀ ਪੜ੍ਹਾਈ ਕੀਤੀ ਹੈ।
- ਲੰਡਨ ਸਕੂਲ ਆਫ ਇਕਨਾਮਿਕਸ ਤੋਂ ਈਐੱਮਬੀਏ ਸਰਟੀਫਿਕੇਸ਼ਨ ਕੋਰਸ ਕੀਤਾ ਹੈ ਅਤੇ ਕਈ ਅਕਾਊਂਟੈਂਸੀ ਫਰਮਾਂ ਵਿੱਚ ਸੇਵ ਕਰ ਚੁੱਕੇ ਹਨ।
- ਰਾਘਵ ਚੱਢਾ ਨੇ ਇੰਡੀਆ ਅਗੇਂਸਟ ਕਰੱਪਸ਼ਨ ਮੂਵਮੈਂਟ ਦੌਰਾਨ ਅਰਵਿੰਦ ਕੇਜਰੀਵਾਲ ਨਾਲ ਕੰਮ ਕੀਤਾ।
- ਆਦਮੀ ਪਾਰਟੀ ਦੇ ਗਠਨ ਸਮੇਂ ਉਹ ਇਸ ਦੇ ਸ਼ੁਰੂਆਤੀ ਮੈਂਬਰਾਂ ਵਿੱਚੋਂ ਇੱਕ ਰਹੇ ਹਨ।
- ਰਾਘਵ ਚੱਢਾ ਦੀ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਮੰਗਣੀ ਹੋਈ ਹੈ।
- ਪੰਜਾਬ ਤੋਂ ਸੰਸਦ ਮੈਂਬਰ ਵਜੋਂ ਚੁਣੇ ਜਾਣ ਉੱਤੇ ਵੀ ਵਿਵਾਦਾਂ ਵਿੱਚ ਘਿਰੇ ਸਨ।