ਚੰਡੀਗੜ੍ਹ:ਸਿੱਖ ਭਾਈਚਾਰੇ ਲਈ ਵੱਡੀ ਖ਼ਬਰ ਹੈ ਕਿ ਹੁਣ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਆਨੰਦ ਮੈਰਿਜ ਐਕਟ 1909 ਨੂੰ ਚੰਡੀਗੜ੍ਹ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸੇ ਤਹਿਤ ਹੁਣ ਇੱਥੇ ਵਿਆਹ ਰਜਿਸਟਰਡ ਕਰਵਾਏ ਜਾ ਸਕਦੇ ਹਨ। ਦੂਜੇ ਪਾਸੇ ਇਹ ਹੁਣ ਇਹ ਸਹੂਲਤ ਇੱਥੋਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਵੀ ਸ਼ੁਰੂ ਕਰ ਦਿੱਤੀ ਗਈ ਹੈ। ਯਾਦ ਰਹੇ ਕਿ 2018 ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਆਨੰਦ ਮੈਰਿਜ ਰਜਿਸਟ੍ਰੇਸ਼ਨ ਨਿਯਮ 2018 ਨੂੰ ਲਾਗੂ ਨੋਟੀਫਾਈ ਕੀਤਾ ਸੀ, ਪਰ ਹੁਣ ਆਨੰਦ ਮੈਰਿਜ ਐਕਟ-1909 ਤਹਿਤ ਹੀ ਵਿਆਹ ਰਜਿਸਟ੍ਰਡ ਹੋਣਗੇ।
ਕਦੋਂ ਬਣਿਆ ਇਹ ਐਕਟ :-ਦਰਅਸਲ ਆਨੰਦ ਮੈਰਿਜ ਐਕਟ ਅੰਗਰੇਜ਼ਾਂ ਦੇ ਸ਼ਾਸ਼ਨ ਕਾਲ ਵੇਲੇ 1909 ਵਿੱਚ ਹੋਂਦ ਵਿੱਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਇਹ ਐਕਟ ਕਈ ਥਾਈਂ ਲਾਗੂ ਨਹੀਂ ਹੋ ਸਕਿਆ। ਹਾਲਾਂਕਿ ਸੁਪਰੀਮ ਕੋਰਟ ਵਲੋਂ ਇਹ ਸਾਰੇ ਧਰਮਾਂ ਵਿੱਚ ਲਾਗੂ ਕਰਨ ਲਈ ਸਿੱਖ ਭਾਈਚਾਰੇ ਵਲੋਂ ਇਹ ਐਕਟ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ। ਇਸਨੂੰ ਫਿਲਹਾਲ ਸੁਪਰੀਮ ਕੋਰਟ ਨੇ ਸਾਰੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਇਹ ਪੰਜਾਬ ਵਿੱਚ ਹਾਲੇ ਲਾਗੂ ਹੋਣਾ ਬਾਕੀ ਹੈ।
ਪੰਜਾਬ ਨੂੰ ਛੱਡ ਕੇ ਹੋਰ ਕਿੱਥੇ ਲਾਗੂ :- ਆਨੰਦ ਕਾਰਜ ਐਕਟ ਪੰਜਾਬ ਨੂੰ ਛੱਡ ਕੇ ਫਿਲਹਾਲ ਹਰਿਆਣਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ, ਰਾਜਸਥਾਨ ਅਤੇ ਦਿੱਲੀ ਸਣੇ ਦੇਸ਼ ਦੇ 22 ਸੂਬਿਆਂ ਵਿੱਚ ਲਾਗੂ ਕੀਤਾ ਗਿਆ ਹੈ। ਆਨੰਦ ਕਾਰਜ ਐਕਟ ਸਾਲ 2016 ਵਿੱਚ ਪੰਜਾਬ ਵਿੱਚ ਉਸ ਵੇਲੇ ਦੀ ਅਕਾਲੀ-ਭਾਜਪਾ ਸਰਕਾਰ ਨੇ ਲਿਆਂਦਾ ਸੀ ਪਰ ਕਿਸੇ ਕਾਰਣ ਇਹ ਹਾਲੇ ਲਾਗੂ ਨਹੀਂ ਹੋ ਸਕਿਆ ਹੈ। ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਫਿਰ ਚਰਨਜੀਤ ਸਿੰਘ ਚੰਨੀ ਵੀ ਇਸਨੂੰ ਲਾਗੂ ਨਹੀਂ ਕਰ ਸਕੇ। ਹਾਲਾਂਕਿ ਭਗਵੰਤ ਮਾਨ ਵਲੋਂ ਜਰੂਰ ਨਵੰਬਰ 2022 ਵਿੱਚ ਆਨੰਦ ਕਾਰਜ ਐਕਟ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ।
ਫਿਲਹਾਲ ਇਹ ਮਾਮਲਾ ਲਟਕਿਆ ਹੋਇਆ ਹੈ। ਇਹ ਵੀ ਚੇਤੇ ਰਹੇ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਵੀ ਇਸ ਐਕਟ ਦੇ ਚੰਡੀਗੜ੍ਹ ਵਿੱਚ ਲਾਗੂ ਹੋਣ ਦੀ ਗੱਲ ਕੀਤੀ ਸੀ। ਆਨੰਦ ਮੈਰਿਜ ਐਕਟ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਨੂੰ ਜਲਦੀ ਲਾਗੂ ਕਰਨ ਲਈ ਕਿਹਾ ਸੀ। ਇਸ ਲਈ ਕੁੱਝ ਵਿਸ਼ੇਸ਼ ਹਦਾਇਤਾਂ ਹਨ ਕਿ ਰਜਿਸਟਰੇਸ਼ਨ ਲਈ ਲਾੜੇ ਅਤੇ ਲਾੜੇ ਦੀ ਪਛਾਣ ਦਾ ਸਬੂਤ ਅਤੇ ਦੋਵਾਂ ਦੇ ਉਮਰ ਸਬੂਤ ਦਸਤਾਵੇਜ਼ ਜਰੂਰੀ ਹੋਣਗੇ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਤੋਂ ਮੈਰਿਜ ਸਰਟੀਫਿਕੇਟ ਦੇ ਨਾਲ ਨਾਲ ਦੋ ਗਵਾਹ, ਵਿਆਹ ਵੇਲੇ ਦੀਆਂ ਤਸਵੀਰਾਂ ਵੀ ਲੋੜੀਂਦੀਆਂ ਕੀਤੀਆਂ ਗਈਆਂ ਹਨ।