ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਸਭ ਤੋਂ ਵੱਡੇ ਖੇਡ ਮੁਕਾਬਲੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਭਾਗ ਦੀ ਰਸਮੀ ਸਮਾਪਤੀ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿੱਚ ਹੋਈਆਂ ਇਨ੍ਹਾਂ ਖੇਡਾਂ ਵਿੱਚ 4.5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਖੇਡਾਂ ਦੌਰਾਨ ਸੂਬੇ ਭਰ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਿਆਂ ਦੇ ਜੇਤੂ 11 ਹਜ਼ਾਰ ਖਿਡਾਰੀਆਂ ਲਈ 8.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਾਰੀ ਕੀਤੀ ਜੋ ਕਿ ਖਿਡਾਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ।
ਖਿਡਾਰੀਆਂ ਨੂੰ ਦਿੱਤੀ ਵਧਾਈ:ਭਗਵੰਤ ਸਿੰਘ ਮਾਨ ਨੇ ਇਨ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੀ ਸਫ਼ਲਤਾ ਲਈ ਮੁਬਾਰਕਬਾਦ ਦਿੰਦਿਆਂ ਉਮੀਦ ਜਤਾਈ ਕਿ ਇਹ ਖਿਡਾਰੀ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਸੂਬੇ ਲਈ ਨਾਮਣਾ ਖੱਟਣਾ ਜਾਰੀ ਰੱਖਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਅੱਠ ਉਮਰ ਵਰਗਾਂ ਦੇ 35 ਮੁਕਾਬਲੇ ਕਰਵਾਏ ਗਏ ਅਤੇ ਪਹਿਲੀ ਦਫ਼ਾ ਇਨ੍ਹਾਂ ਖੇਡਾਂ ਵਿੱਚ ਰਗਬੀ, ਸਾਇਕਲਿੰਗ, ਘੋੜ ਸਵਾਰੀ, ਵੁਸ਼ੂ ਤੇ ਵਾਲੀਬਾਲ ਸ਼ੂਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਅੰਡਰ-14, 17, 21, 21 ਤੋਂ 30, 31 ਤੋਂ 40, 41 ਤੋਂ 55, 56 ਤੋਂ 65 ਸਾਲ ਅਤੇ 65 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ।