ਚੰਡੀਗੜ੍ਹ:ਮਨੁੱਖਤਾ ਦੀ ਸੇਵਾ ਅਤੇ ਵਿਪਤਾ ਵੇਲੇ ਲੋਕਾਂ ਨਾਲ ਖੜ੍ਹੀ ਹੋਣ ਵਾਲੀ ਆਲਮੀ ਸੰਸਥਾ ਖਾਲਸਾ ਏਡ ਨੇ ਇਕ ਵਾਰ ਫਰ ਦੁਨੀਆਂ ਅੱਗੇ ਮਿਸਾਲ ਪੇਸ਼ ਕੀਤੀ ਹੈ। ਖਾਲਸਾ ਏਡ ਦੀ ਟੀਮ ਨੇ ਤੁਰਕੀ ਤੇ ਸੀਰੀਆ ਵਿੱਚ ਭੂਚਾਲ ਨਾਲ ਹੋਏ ਨੁਕਸਾਨ ਅਤੇ ਇਸ ਹਾਦਸੇ ਤੋਂ ਬਾਅਦ ਪ੍ਰਭਾਵਿਤ ਲੋਕਾਂ ਦਾ ਭਲਾ ਕਰਨ ਦਾ ਉੱਦਮ ਕੀਤਾ ਹੈ। ਅਸਲ ਵਿੱਚ ਇਸ ਭੂਚਾਲ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਹੈ ਤੇ ਆਬਾਦੀ ਦਾ ਵੱਡਾ ਹਿੱਸਾ ਬੇਘਰ ਹੋਇਆ ਹੈ। ਖਾਲਸਾ ਐਡ ਨੇ ਲੋਕਾਂ ਦੀ ਇਸ ਤ੍ਰਾਸਦੀ ਵਾਲੇ ਸਮੇਂ ਵਿੱਚ ਬਾਂਹ ਫੜੀ ਹੈ ਅਤੇ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ ਹੈ।
ਲੰਗਰ ਅਤੇ ਵੰਡਿਆ ਜਾ ਰਿਹਾ ਲੰਗਰ:ਖਾਲਸਾ ਐਡ ਦੇ ਟਵਿੱਟਰ ਹੈਂਡਲ ਉੱਤੇ ਲਗਾਤਾਰ ਤੁਰਕੀ ਦੇ ਹਾਲਾਤਾਂ ਅਤੇ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਖਾਲਸਾ ਏਡ ਦੀ ਟੀਮ ਸਹਾਇਤਾ ਲੈ ਕੇ ਇਰਾਕ ਦੇ ਰਸਤੇ ਤੁਰਕੀ ਲੋਕਾਂ ਤੱਕ ਪਹੁੰਚੀ ਹੈ ਅਤੇ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਵੀ ਯੂਕੇ ਤੋਂ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਲਈ ਤੁਰਕੀ ਰਵਾਨਾ ਹੋਏ ਹਨ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ਤੋਂ ਵੀਡੀਓ ਵੀ ਸਾਂਝੀ ਕੀਤੀ ਹੈ। ਤੁਰਕੀ ਦੇ ਲੋਕਾਂ ਲਈ ਲੋੜ ਮੁਤਾਬਿਕ ਚੀਜਾਂ ਜਿਵੇਂ ਕਿ ਕੰਬਲ ਅਤੇ ਹੋਰ ਰਸਦ ਲਿਜਾਂਦੀ ਜਾ ਰਹੀ ਹੈ। ਲੰਗਰ ਵੀ ਲਗਾਏ ਜਾ ਰਹੇ ਹਨ।