ਚੰਡੀਗੜ੍ਹ :ਕੈਨੇਡਾ ਵਿਚ ਮੁੜ ਤੋਂ ਇਕ ਵਾਰ ਮੰਦਿਰ ਦੀ ਕੰਧ ਉੱਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ ਹਨ। ਬਰੈਂਪਟਨ ਸਥਿਤ ਗੌਰੀ ਸ਼ੰਕਰ ਮੰਦਿਰ ਦੀ ਕੰਧ ਉੱਤੇ ਭਾਰਤ ਵਿਰੋਧੀ ਨਾਅਰੇ ਲਿਖੇ ਦੱਸੇ ਜਾ ਰਹੇ ਹਨ, ਜਿਸਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਨਹੀਂ ਆਇਆ। ਇਸ ਤੋਂ ਪਹਿਲਾਂ ਵੀ ਬੀਤੇ ਸਾਲ ਸਵਾਨੀਨਾਥਨ ਮੰਦਿਰ ਦੀ ਕੰਧ ਉੱਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ। ਭਾਰਤੀ ਦੂਤਾਵਾਸ ਨੇ ਇਸਤੇ ਕਾਰਵਾਈ ਦੀ ਮੰਗ ਕੀਤੀ ਹੈ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਸਾਰੇ ਪਾਸੇ ਫੈਲੀ ਹੈ ਅਤੇ ਸਿਆਸੀ ਪ੍ਰਤੀਕਿਿਰਆਵਾਂ ਸਾਹਮਣੇ ਆਈਆਂ ਹਨ। ਇਸ ਮੁੱਦੇ ਈਟੀਵੀ ਭਾਰਤ ਦੀ ਟੀਮ ਨੇ ਕੁੱਝ ਸਿਆਸੀ ਆਗੂਆਂ ਨਾਲ ਗੱਲਬਾਤ ਕੀਤੀ ਹੈ।
ਨਾਅਰੇ ਲਿਖਣ ਦੀ ਕੀਤੀ ਨਿਖੇਧੀ:ਪੰਜਾਬ ਭਾਜਪਾ ਦੇ ਜਨਰਲ ਸਕੱਤਰ ਬਿਕਰਮਜੀਤ ਚੀਮਾ ਨੇ ਕੈਨੇਡਾ ਵਿੱਚ ਮੰਦਿਰ ਉੱਤੇ ਲਿਖੇ ਭਾਰਤ ਵਿਰੋਧੀ ਨਾਅਰਿਆਂ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਪਿਛਲੇ ਸਮੇਂ ਤੋਂ ਭਾਰਤ ਵਿਰੋਧੀ ਨਾਅਰੇ ਥਾਂ-ਥਾਂ ਲਿਖੇ ਮਿਲ ਰਹੇ ਹਨ, ਉਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਦੇਸ਼ ਵਿਰੋਧੀ ਤਾਕਤਾਂ ਪਹਿਲਾਂ ਪੰਜਾਬ ਵਿਚ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦੀਆਂ ਸਨ। ਹੁਣ ਇਹੀ ਯਤਨ ਕੈਨੇਡਾ ਵਿਚ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨ ਲਈ ਕੀਤੇ ਜਾ ਰਹੇ ਹਨ। ਪੰਜਾਬੀ ਜਿਸ ਤਰ੍ਹਾਂ ਪੰਜਾਬ ਵਿਚ ਪਿਆਰ ਨਾਲ ਰਹਿੰਦੇ ਹਨ, ਉਸੇ ਤਰ੍ਹਾਂ ਕੈਨੇਡਾ ਵਿਚ ਵੀ ਲੰਮੇ ਸਮੇਂ ਤੋਂ ਭਾਈਚਾਰਕ ਸਾਂਝ ਨਾਲ ਰਹਿ ਰਹੇ ਹਨ। ਕਿਉਂਕਿ ਅਸੀ ਹਿੰਦੂ ਸਿੱਖ ਬਾਅਦ ਵਿਚ ਹਾਂ ਪਹਿਲਾਂ ਭਾਰਤੀ ਹਾਂ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਅੱਗੇ ਇਸ ਘਟਨਾ ਦਾ ਰੋਸ ਜ਼ਾਹਿਰ ਕੀਤਾ ਹੈ।