ਚੰਡੀਗੜ੍ਹ: ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਨੂੰ ਮੋਗਾ ਲਿਆਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਆਪਣਾ ਜਵਾਬ ਦਾਖਲ ਕੀਤਾ ਹੈ। ਪਟੀਸ਼ਨ 'ਤੇ ਜਵਾਬ ਦਿੰਦਿਆਂ ਕੇਂਦਰ ਸਰਕਾਰ ਨੇ ਕਿਹਾ ਕਿ ਉਨ੍ਹਾਂ ਕੋਲ ਅੱਤਵਾਦੀ ਖੰਡਾ ਦੀ ਭਾਰਤੀ ਨਾਗਰਿਕਤਾ ਹੋਣ ਦਾ ਕੋਈ ਸਬੂਤ ਜਾਂ ਦਸਤਾਵੇਜ਼ ਨਹੀਂ ਹੈ, ਜਿਸ ਕਾਰਨ ਉਸ ਦੀ ਲਾਸ਼ ਨੂੰ ਭਾਰਤ ਨਹੀਂ ਲਿਆਂਦਾ ਜਾ ਸਕਦਾ ਹੈ।
15 ਜੂਨ ਨੂੰ ਹੋਈ ਸੀ ਮੌਤ:ਦੱਸ ਦਈਏ ਕਿ 15 ਜੂਨ ਨੂੰ ਅਵਤਾਰ ਖੰਡਾ ਨੂੰ ਬਲੱਡ ਕੈਂਸਰ ਨਾਲ ਮੌਤ ਹੋ ਗਈ ਸੀ, ਜਾਣਕਾਰੀ ਇਹ ਮਿਲੀ ਸੀ ਕਿ ਇਹ ਕੈਂਸਰ ਦੀ ਪਹਿਲੀ ਸਟੇਜ ਸੀ। ਜਿਸ ਕਾਰਨ ਉਸਦੇ ਸਰੀਰ ਵਿੱਚ ਜ਼ਹਿਰ ਫੈਲ ਗਿਆ ਸੀ ਤੇ ਉਸ ਦੀ ਮੌਤ ਹੋ ਗਈ। ਮੌਤ ਹੋ ਜਾਣ ਤੋਂ ਬਾਅਦ ਉਸ ਦੀ ਦੇਹ ਭਾਰਤ ਲਿਆਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਖੰਡਾ ਦੀ ਭੈਣ ਨੇ ਮੰਗ ਕੀਤੀ ਸੀ ਕਿ ਮੋਗਾ 'ਚ ਸਸਕਾਰ ਕਰਕੇ ਉਸ ਦੇ ਭਰਾ ਦੀ ਆਖਰੀ ਇੱਛਾ ਪੂਰੀ ਕੀਤੀ ਜਾਵੇ।
ਪਰਿਵਾਰ ਨੇ ਯੂਕੇ ਜਾਣ ਲਈ ਵੀ ਲਾਈ ਅਰਜ਼ੀ:ਅਵਤਾਰ ਸਿੰਘ ਖੰਡਾ ਦੀ ਮਾਂ ਚਰਨਜੀਤ ਕੌਰ ਅਤੇ ਭੈਣ ਜਸਪ੍ਰੀਤ ਕੌਰ ਨੇ ਖੰਡਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਯੂਕੇ ਜਾਣ ਲਈ ਵੀਜੇ ਸਬੰਧੀ ਅਰਜ਼ੀ ਦਿੱਤੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਤਰਸ ਦੇ ਆਧਾਰ 'ਤੇ ਵੀਜਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਪਰਿਵਾਰ ਨੇ ਖੰਡਾ ਦੀ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਹਾਲਾਂਕਿ ਪਰਿਵਾਰ ਨੂੰ ਲੋੜੀਂਦੀ ਮਨਜ਼ੂਰੀ ਨਹੀਂ ਮਿਲੀ ਹੈ ਅਤੇ ਮਾਮਲਾ ਵਿਚਾਰ ਅਧੀਨ ਹੈ।
ਯੂਕੇ ਪੁਲਿਸ ਮੌਤ ਸਬੰਧੀ ਨਹੀਂ ਕਰ ਰਹੀ ਜਾਂਚ: ਦੂਜੇ ਪਾਸੇ ਯੂਕੇ ਪੁਲਿਸ ਨੇ ਵੀ ਖਾਲਿਸਤਾਨ ਸਮਰਥਕਾਂ ਨੂੰ ਕਰਾਰਾ ਝਟਕਾ ਦਿੱਤਾ ਹੈ। ਬ੍ਰਿਟੇਨ ਦੀ ਵੈਸਟ ਮਿਡਲੈਂਡਜ਼ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਮੌਤ ਸਬੰਧੀ ਪੁਲਿਸ ਕੋਈ ਜਾਂਚ ਨਹੀਂ ਕਰ ਰਹੀ ਹੈ। ਦੱਸ ਦਈਏ ਕਿ ਖਾਲਿਸਤਾਨੀ ਸਮਰਥਕਾਂ ਦਾ ਕਹਿਣਾ ਹੈ ਕਿ ਖੰਡਾ ਨੂੰ ਭਾਰਤੀ ਖੁਫੀਆ ਏਜੰਸੀਆਂ ਨੇ ਜ਼ਹਿਰ ਦੇ ਕੇ ਮਾਰਿਆ ਸੀ।
ਭਾਰਤ ਨੇ ਖੰਡਾ ਨੂੰ ਐਲਾਨਿਆਂ ਸੀ ਅੱਤਵਾਦੀ:ਖੰਡਾ ਨੂੰ ਭਾਰਤ ਦਾ ਗੱਦਾਰ ਦੱਸਦੇ ਹੋਏ ਕਿਹਾ ਸੀ ਕਿ ਉਹ ਕੱਟੜਪੰਥੀ ਸੰਗਠਨ 'ਚ ਸ਼ਾਮਲ ਹੋ ਕੇ ਨੌਜਵਾਨਾਂ ਨੂੰ ਖਾੜਕੂਵਾਦ ਦੀ ਸਿਖਲਾਈ ਦੇ ਰਿਹਾ ਸੀ। 2015 ਵਿੱਚ ਭਾਰਤ ਨੇ ਕੁਝ ਭਾਰਤ ਵਿਰੋਧੀ ਲੋਕਾਂ ਦੇ ਨਾਮ ਬ੍ਰਿਟਿਸ਼ ਸਰਕਾਰ ਨੂੰ ਸੌਂਪੇ ਸਨ। ਅਵਤਾਰ ਸਿੰਘ ਖੰਡਾ ਦਾ ਨਾਂ ਵੀ ਇਨ੍ਹਾਂ ਵਿੱਚ ਸ਼ਾਮਲ ਸੀ। 22 ਸਾਲ ਦੀ ਉਮਰ ਵਿੱਚ ਖੰਡਾ ਪੜ੍ਹਾਈ ਲਈ ਬਰਤਾਨੀਆ ਚਲਾ ਗਿਆ। ਇੱਥੇ ਉਹ ਖਾਲਿਸਤਾਨੀਆਂ ਦੇ ਸੰਪਰਕ ਵਿੱਚ ਆਇਆ ਅਤੇ ਫਿਰ ਖਾਲਿਸਤਾਨੀ ਲਹਿਰ ਦਾ ਸਰਗਰਮ ਮੈਂਬਰ ਬਣ ਗਿਆ। ਇਸ ਤੋਂ ਬਾਅਦ ਅਵਤਾਰ ਸਿੰਘ ਖੰਡਾ ਅਕਾਲੀ ਦਲ (ਮਾਨ) ਜਥੇਬੰਦੀ ਵਿੱਚ ਸ਼ਾਮਲ ਹੋ ਗਏ।
ਮੋਗਾ ਦਾ ਵਸਨੀਕ ਸੀ ਖੰਡਾ:ਖਾਲਿਸਤਾਨ ਆਗੂ ਅਵਤਾਰ ਸਿੰਘ ਖੰਡਾ ਮੋਗਾ ਜ਼ਿਲ੍ਹੇ ਦਾ ਵਸਨੀਕ ਸੀ, ਜਿਸ ਦਾ ਜਨਮ 1988 ਵਿੱਚ ਰੋਡੇ ਪਿੰਡ ਵਿੱਚ ਹੋਇਆ ਸੀ। ਅਵਤਾਰ ਸਿੰਘ ਖੰਡਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਕੁਲਵੰਤ ਸਿੰਘ ਖੁਖਰਾਣਾ ਦਾ ਪੁੱਤਰ ਸੀ। ਪਿਤਾ ਦਾ ਨਾਂ ਖਾਲਿਸਤਾਨੀ ਮੂਵਮੈਂਟ ਨਾਲ ਜੁੜਿਆ ਹੋਣ ਕਾਰਨ ਸੁਰੱਖਿਆ ਏਜੰਸੀ ਅਕਸਰ ਅਵਤਾਰ ਦੇ ਘਰ ਪੁੱਛਗਿੱਛ ਲਈ ਆਉਂਦੀ ਰਹਿੰਦੀਆਂ ਸਨ। ਇਸ ਕਾਰਨ ਉਹਨਾਂ ਦਾ ਪਰਿਵਾਰ ਪੰਜਾਬ ਵਿੱਚ ਇੱਕ ਥਾਂ ਉੱਤੇ ਨਹੀਂ ਰਹਿੰਦਾ ਸੀ।
ਅੰਮ੍ਰਿਤਪਾਲ ਸਿੰਘ ਦਾ ਸੰਚਾਲਕ ਸੀ ਖੰਡਾ:ਅਵਤਾਰ ਖੰਡਾ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਸੰਚਾਲਕ ਸੀ। ਜਦੋਂ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਸ਼ੁਰੂ ਕੀਤੀ ਤਾਂ ਖੰਡਾ 37 ਦਿਨਾਂ ਤੱਕ ਅੰਮ੍ਰਿਤਪਾਲ ਦੀ ਸੁਰੱਖਿਆ ਕਰਦਾ ਰਿਹਾ ਸੀ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਅਵਤਾਰ ਖੰਡਾ ਚੋਟੀ ਦੇ ਖਾਲਿਸਤਾਨੀ ਆਗੂ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਪੰਮਾ ਦੇ ਕਾਫੀ ਕਰੀਬੀ ਸੀ। ਦਰਅਸਲ ਪਰਮਜੀਤ ਸਿੰਘ ਪੰਮਾ ਖਾਲਿਸਤਾਨ ਟਾਈਗਰ ਫੋਰਸ ਦਾ ਸਰਗਰਮ ਮੈਂਬਰ ਹੈ ਅਤੇ NIA ਦੀ ਸੂਚੀ 'ਚ ਉਹ ਮੋਸਟ ਵਾਂਟੇਡ ਅੱਤਵਾਦੀ ਹੈ।