ਚੰਡੀਗੜ੍ਹ :ਹਮੇਸ਼ਾ ਵਾਂਗ ਇੱਕ ਵਾਰ ਫਿਰ ਤੋਂ ਖਾਲਿਸਤਾਨੀ ਸਮਰਥਕ ਅਤੇ ਭਾਰਤ ਸਰਕਾਰ ਦੀ ਹਿੱਟ ਲਿਸਟ ਵਿੱਚ ਸ਼ਾਮਲ ਗੁਰਪਤਵੰਤ ਸਿੰਘ ਪੰਨੂ ਨੇ ਮੋਹਾਲੀ ਦੇ ਚੰਡੀਗੜ੍ਹ ਏਅਰਪੋਰਟ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਵਾਏ ਹਨ। ਪੰਨੂ ਨੇ ਇਸ ਦੀ ਵੀਡੀਓ ਵੀ ਜਾਰੀ ਕੀਤੀ ਹੈ। ਇੰਨਾ ਹੀ ਨਹੀਂ ਪੰਨੂ ਨੇ ਅੱਜ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਦਾ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ ਹੈ। ਖਾਲਿਸਤਾਨੀ ਪੰਨੂ ਨੇ ਧਮਕੀ ਦਿੱਤੀ ਕਿ SFJ ਦੀ ਅੰਮ੍ਰਿਤਸਰ-ਅਹਿਮਦਾਬਾਦ-ਦਿੱਲੀ ਹਵਾਈ ਅੱਡਿਆਂ ਤੱਕ ਪਹੁੰਚ ਹੈ। ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਲਈ 19 ਨਵੰਬਰ ਤੋਂ ਬਾਅਦ ਏਅਰ ਇੰਡੀਆ ਨਾਲ ਉਡਾਣ ਨਾ ਭਰੋ ਕਿਉਂਕਿ ਇਸ ਨਾਲ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਨੂੰ ਖ਼ਤਰਾ ਹੋਵੇਗਾ।
ਪਹਿਲਾਂ ਵੀ ਕੀਤੇ ਅਜਿਹੇ ਐਲਾਨ : ਇਹ ਕੋਈ ਨਵਾਂ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪੰਨੂ ਵੱਲੋਂ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਵੀ ਪੰਨੂ ਨੇ ਕਈ ਧਮਕੀਆਂ ਭਰੀਆਂ ਵੀਡੀਓ ਜਾਰੀ ਕੀਤੀਆਂ ਹਨ। ਜਿਸ ਵਿੱਚ ਉਸਨੇ 19 ਨਵੰਬਰ ਨੂੰ ਏਅਰ ਇੰਡੀਆ ਦੀ ਫਲਾਈਟ ਵਿੱਚ ਸਫਰ ਨਾ ਕਰਨ ਦੀ ਗੱਲ ਕਹੀ ਸੀ। ਇਸ ਵੀਡੀਓ ਵਿੱਚ ਉਸ ਨੇ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ। ਜਿਸ ਨੂੰ ਲੈਕੇ ਸੁਰੱਖਿਆ ਏਜੇਂਸੀਆਂ ਵੱਲੋਂ ਚੌਕਸੀ ਵੀ ਵਧਾਈ ਗਈ ਸੀ।