ਚੰਡੀਗੜ੍ਹ :ਅੰਮ੍ਰਿਤਸਰ ਵਿੱਚ ਇਕ ਵਾਰ ਫਿਰ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਵਾਲੇ ਪੋਸਟਰ ਲੱਗੇ ਹਨ। ਜਾਣਕਾਰੀ ਮੁਤਾਬਿਕ ਵੀਰਵਾਰ ਨੂੰ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਪੰਜਾਬ ਦੌਰਾ ਸੀ। ਇਸ ਤੋਂ ਪਹਿਲਾਂ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਲਿਖੇ ਗਏ ਹਨ। ਇਸ ਨਾਲ ਚਾਰੇ ਪਾਸੇ ਹੰਗਾਮੇ ਵਾਲੀ ਸਥਿਤੀ ਹੈ। ਰਾਸ਼ਟਰਪਤੀ ਅੰਮ੍ਰਿਤਸਰ ਆ ਰਹੇ ਹਨ ਅਤੇ ਇੱਥੇ 4 ਘੰਟੇ ਰੁਕ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦੌਰੇ ਤੋਂ ਖਾਲਿਸਤਾਨ ਵਾਲੇ ਪੋਸਟਰ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਦੀਵਾਰਾਂ ਉੱਤੇ ਟੰਗੇ ਹੋਏ ਮਿਲੇ ਹਨ। ਇਸਦੀ ਜਿੰਮੇਵਾਰੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨੇ ਲਈ ਹੈ। ਇਸਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀ ਇਕ ਵੀਡਿਓ ਜਾਰੀ ਕੀਤੀ ਹੈ।
ਪ੍ਰਸ਼ਾਸਨ ਨੇ ਉਤਾਰੇ ਬੈਨਰ :ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਅੰਮ੍ਰਿਤਸਰ ਪ੍ਰਸ਼ਾਸਨ ਨੇ ਵੀ ਹਰਕਤ ਫੜ ਲਈ ਹੈ। ਪ੍ਰਸ਼ਾਸਨ ਵਲੋਂ ਜੀਐਨਡੀਯੂ ਦੇ ਬਾਹਰ ਲਿਖੇ ਇਹ ਬੈਨਰ ਲਾਹ ਦਿੱਤੇ ਹਨ। ਜਾਣਕਾਰੀ ਮੁਤਾਬਿਕ ਜੀ-20 ਦੇਸ਼ਾਂ ਦੇ ਡੈਲੀਗੇਟਾਂ ਦੀ ਮੀਟਿੰਗ ਵੀ ਅਗਲੇ ਹਫ਼ਤੇ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੀਐਨਡੀਯੂ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ। ਹੋ ਸਕਦਾ ਹੈ ਕਿ ਕਿਸੇ ਵਲੋਂ ਇਸਦੇ ਵਿਰੋਧ ਵਿਚ ਇਹ ਨਾਅਰੇ ਲਿਖੇ ਹੋਣ।