ਚੰਡੀਗੜ੍ਹ: ਲੁਧਿਆਣਾ ਦੇ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਹੁਣ ਸਿਮਰਜੀਤ ਬੈਂਸ ਦੇ ਹੱਕ ਵਿੱਚ ਨਿੱਤਰੇ ਹਨ।
ਡਿਪਟੀ ਕਮਿਸ਼ਨਰ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿੱਚ ਬੈਂਸ ਵਿਰੁੱਧ ਦੋ ਦਿਨ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਸੀ ਕਿ ਉਨ੍ਹਾਂ ਦੇ ਕਹਿਣ 'ਤੇ ਬੈਂਸ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ ਹੈ।
ਇਸੇ ਬਿਆਨ ਦੀ ਸੁਖਪਾਲ ਖਹਿਰਾ ਨੇ ਨਿਖੇਧੀ ਕੀਤੀ ਹੈ। ਖਹਿਰਾ ਦਾ ਕਹਿਣਾ ਹੈ ਕਿ ਇਸ ਨੂੰ ਲੈ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਬੈਠਕ ਸੱਦੇਗਾ ਜਿਸ ਵਿੱਚ ਇਸ ਵਿਰੁੱਧ ਕਾਰਵਾਈ ਕਰਨ ਦੀ ਰਣਨੀਤੀ ਬਣਾਈ ਜਾਵੇਗੀ।
ਸੁਖਪਾਲ ਖਹਿਰਾ ਨੇ ਕਿਹਾ ਕਿ ਜਦੋਂ ਉਹ ਵੀ ਬਟਾਲਾ ਜਾ ਕੇ ਆਏ ਤਾਂ ਬਹੁਤ ਮਾੜਾ ਦ੍ਰਿਸ਼ ਸੀ। ਪੀੜਤ ਪਰਿਵਾਰ ਨੇ ਸਿਮਰਜੀਤ ਬੈਂਸ ਨੂੰ ਮਿਲਣ ਲਈ ਆਖਿਆ ਸੀ ਤੇ ਬੈਂਸ ਡੀਸੀ ਦਫ਼ਤਰ ਪਹੁੰਚ ਗਏ। ਉਨ੍ਹਾਂ ਕਿਹਾ ਕਿ ਜੇ ਬੈਂਸ ਵੱਲੋਂ ਕੁਝ ਅਪਸ਼ਬਦ ਬੋਲੇ ਵੀ ਗਏ ਹਨ ਤਾਂ ਉਹ ਬੈਂਸ ਵੱਲੋਂ ਮੁਆਫੀ ਮੰਗਦਾ ਪਰ ਇੰਨਾ ਵੀ ਕੀ ਬੈਂਸ ਨੇ ਜ਼ੁਰਮ ਢਾਹ ਦਿੱਤਾ ਜੋ ਪਰਚਾ ਦਰਜ ਕਰ ਦਿੱਤਾ ਗਿਆ।