1 ਲੱਖ ਫੂਡ ਬਿਜ਼ਨਸ ਆਪਰੇਟਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ -ਪੰਨੂੰ - imparted
ਚੰਡੀਗੜ੍ਹ : ਫੂਡ ਸੇਫਟੀ ਟੀਮਾਂ ਵੱਲੋਂ ਪਿਛਲੇ ਕੁਝ ਮਹੀਨਿਆਂ ਵਿੱਚ ਕੀਤੀਆਂ ਜਾਂਚ ਕਾਰਵਾਈਆਂ ਦੌਰਾਨ ਪਾਈਆਂ ਗਈਆਂ ਖਾਮੀਆਂ ਦੇ ਮੱਦੇਨਜ਼ਰ ਸੂਬੇ ਵਿਚਲੇ ਸਮੂਹ ਵੱਡੇ ਅਤੇ ਛੋਟੇ ਫੂਡ ਬਿਜ਼ਨਸ ਆਪਰੇਟਰਾਂ (ਐਫ.ਬੀ.ਓਜ਼) ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਫੂਡ ਸੇਫਟੀ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਦਿੱਤੀ।
ਇਸ ਜਾਂਚ ਮੁਹਿੰਮ ਦੌਰਾਨ ਇਹ ਦੇਖਿਆ ਗਿਆ ਕਿ ਫੂਡ ਬਿਜ਼ਨਸ ਆਪਰੇਟਰਾਂ ਵੱਲੋਂ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਨਿਯਮਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਭੋਜਨ ਦੇ ਮਿਆਰ ਨਾਲ ਸਮਝੌਤਾ ਸਿਹਤ ਨਾਲ ਸਬੰਧਤ ਇੱਕ ਗੰਭੀਰ ਮੁੱਦਾ ਹੈ ਜਿਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਿਉਂਜੋ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੌਸ਼ਟਿਕਤਾ ਅਤੇ ਸਾਫ਼-ਸਫ਼ਾਈ ਨੂੰ ਤਰਜੀਹ ਦਿੱਤੀ ਗਈ ਹੈ ਇਸ ਲਈ ਵਿਭਾਗ ਕੋਲ ਰਜਿਸਟਰ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਿਖਲਾਈ ਦੇਣ ਦਾ ਫੈਸਲਾ ਲਿਆ ਗਿਆ ਹੈ ਜਿਸ ਵਿੱਚ 1 ਲੱਖ ਵੱਡੇ ਅਤੇ ਛੋਟੇ ਐਫ.ਬੀ.ਓਜ਼ ਨੂੰ ਸ਼ਾਮਿਲ ਕੀਤਾ ਜਾਵੇਗਾ। ਇਹ ਸਿਖਲਾਈ ਲੋਕਾਂ ਨੂੰ ਪੌਸ਼ਟਿਕ ਅਤੇ ਸਾਫ਼-ਸੁਥਰਾ ਭੋਜਨ ਪ੍ਰਦਾਨ ਕਰਵਾਉਣ ਦੇ ਸਾਰੇ ਪੱਖਾਂ 'ਤੇ ਕੇਂਦਰਿਤ ਹੋਵੇਗੀ। ਪੰਨੂੰ ਨੇ ਕਿਹਾ ਕਿ ਇਸ ਸਿਖਲਾਈ ਦੌਰਾਨ ਭੋਜਨ ਪਕਾਉਣ ਸਬੰਧੀ ਨੁਕਤੇ, ਕੰਮ ਵਾਲੀ ਥਾਂ ਅਤੇ ਕਾਮਿਆਂ ਦੀ ਸਫ਼ਾਈ ਦੇ ਨਾਲ ਨਾਲ ਐਫ.ਐਸ.ਐਸ.ਏ.ਆਈ. ਵੱਲੋਂ ਮਨਾਹੀ ਵਾਲੀ ਭੋਜਨ ਸਮੱਗਰੀ ਦੀ ਵਰਤੋਂ 'ਤੇ ਰੋਕ ਸਬੰਧੀ ਐਫ.ਬੀ.ਓਜ਼ ਨੂੰ ਜਾਣੂੰ ਕਰਵਾਇਆ ਜਾਵੇਗਾ।