ਨਵੀਂ ਦਿੱਲੀ: ਉੱਤਰਾਖੰਡ 'ਚ ਚਾਰ ਧਾਮ ਯਾਤਰਾ ਹੁਣ ਸਮਾਪਤੀ ਵੱਲ ਹੈ। ਸੋਮਵਾਰ ਨੂੰ ਵਿਸ਼ਵ ਪ੍ਰਸਿੱਧ ਧਾਮ ਗੰਗੋਤਰੀ ਦੇ ਕਿਵਾੜ ਵਿਧੀ-ਵਿਧਾਨ ਨਾਲ ਸਰਦ ਰੁੱਤ ਲਈ ਬੰਦ ਕਰ ਦਿੱਤੇ ਸੀ। ਇਸ ਦੇ ਨਾਲ ਹੀ ਅੱਜ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਿਵਾੜ ਭਈਆ ਦੂਜ 'ਤੇ ਬੰਦ ਕਰ ਦਿੱਤੇ ਹਨ।
ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਿਵਾੜ ਬੰਦ ਕਰਨ ਲਈ ਸੈਂਕੜੇ ਸ਼ਰਧਾਲੂਆਂ ਦੀ ਹਾਜ਼ਰੀ ਵਿਚ ਸਵੇਰੇ 8 : 30 ਵਜੇ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਦੌਰਾਨ ਮੰਤਰਾਂ ਦੇ ਉਚਾਰਨ ਤੇ ਗੰਗਾ ਲਹਿਰੀ ਦੇ ਪਾਠ ਨਾਲ ਗੰਗਾ ਦੀ ਮੂਰਤੀ ਦਾ ਮੁਕਟ ਉਤਾਰਿਆ ਗਿਆ।
ਸਵੇਰੇ 11:40 ਵਜੇ ਭੋਗ ਮੂਰਤੀ ਨੂੰ ਮੰਦਰ ਤੋਂ ਬਾਹਰ ਲਿਆ ਕੇ ਡੋਲੀ ਵਿਚ ਬਿਰਾਜਮਾਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਮੰਦਰ ਦੇ ਕਿਵਾੜ ਬੰਦ ਕਰ ਦਿੱਤੇ ਗਏ।
ਗੰਗਾ ਦੇ ਜੈਕਾਰਿਆਂ ਦਰਮਿਆਨ ਨੌਵੀਂ ਬਿਹਾਰ ਰੈਜੀਮੈਂਟ ਦੇ ਬੈਂਡ ਦੀ ਧੁਨ ਤੇ ਰਵਾਇਤੀ ਢੋਲ ਦਮਾਊਂ ਦੀ ਥਾਪ ਨਾਲ ਡੋਲੀ ਮੁਖਬਾ ਲਈ ਰਵਾਨਾ ਹੋਈ। ਸ਼ਾਮ ਨੂੰ ਡੋਲੀ ਮੁਖਬਾ ਤੋਂ ਚਾਰ ਕਿਲੋਮੀਟਰ ਦੂਰ ਚੰਦੋਮਤੀ ਮੰਦਰ ਪੁੱਜੀ। ਰਾਤ ਨੂੰ ਆਰਾਮ ਤੋਂ ਬਾਅਦ ਡੋਲੀ ਮੰਗਲਵਾਰ ਸਵੇਰੇ ਮੁਖਬਾ ਪੁੱਜੇਗੀ।