ਚੰਡੀਗੜ੍ਹ; ਸੁਖਬੀਰ ਸਿੰਘ ਬਾਦਲ ਝਾਰਖੰਡ ਦੇ ਬੋਕਾਰੋ ਦੇ ਸੈਕਟਰ ਪੰਜ ਸਥਿਤ ਜੀਜੀਪੀਐੱਸ ਸਕੂਲ ਵਿਚ ਆਯੋਜਿਤ ਪ੍ਰਕਾਸ਼ ਉਤਸਵ ਵਿਚ ਸ਼ਾਮਲ ਹੋਣ ਲਈ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੋਕਾਰੋ ਵਿਚ 1984 ਸਮੇਂ 100 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਇਕ ਵੀ ਦੋਸ਼ੀ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਗਿਆ ਅਤੇ ਨਾ ਹੀ ਸਜ਼ਾ ਦਿੱਤੀ ਗਈ। ਇਸ ਕਾਰਨ ਹੱਤਿਆਕਾਂਡ ਦੇ ਦੋਸ਼ੀ ਅੱਜ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਜਦੋਂ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਦੋਂ ਤੱਕ ਲੋਕਾਂ ਦੇ ਮਨ ਵਿਚ ਗੁੱਸਾ ਅਤੇ ਗਿਲਾ ਰਹੇਗਾ।
ਸੁਖਬੀਰ ਬਾਦਲ ਨੇ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੂੰ ਅਪੀਲ ਕੀਤੀ ਕਿ ਸਿੱਖ ਹੱਤਿਆਕਾਂਡ ਨਾਲ ਜੁੜੇ ਸਾਰੇ ਮਾਮਲਿਆਂ ਨੂੰ ਦੁਬਾਰਾ ਖੋਲ੍ਹਦੇ ਹੋਏ ਨਵੇਂ ਸਿਰੇ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਸਰਕਾਰ ਸਪੈਸ਼ਲ ਜਾਂਚ ਟੀਮ ਬਣਾਵੇ ਜਾਂ ਫਿਰ ਕੇਂਦਰ ਸਰਕਾਰ ਵੱਲੋਂ ਗਠਿਤ ਐੱਸਆਈਟੀ ਨੂੰ ਪੂਰਾ ਮਾਮਲਾ ਤਬਦੀਲ ਕਰ ਦੇਵੇ, ਤਾਂ ਕਿ ਦੋਸ਼ੀਆਂ ਨੂੰ ਸਜ਼ਾ ਅਤੇ ਪੀੜਤਾਂ ਨੂੰ ਨਿਆਂ ਮਿਲ ਸਕੇ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ ਦਿੱਲੀ ਵਿਚ ਸਿੱਖਾਂ ਦਾ ਕਤਲ ਮਾਮਲੇ ਵਿਚ ਕੇਸ ਨੂੰ ਫਲੋ ਕੀਤਾ, ਜਿਸਦੀ ਬਦੌਲਤ ਕਾਰਵਾਈ ਵੀ ਹੋਈ ਅਤੇ ਸੱਜਣ ਕੁਮਾਰ ਨੂੰ ਜੇਲ੍ਹ ਭੇਜਿਆ ਗਿਆ।