ਚੰਡੀਗੜ੍ਹ: ਕਾਰਗਿਲ ਦੀ ਜੰਗ 'ਚ ਪਾਕਿਸਤਾਨੀ ਅਫ਼ਸਰ ਸਮੇਤ ਚਾਰ ਫ਼ੌਜੀਆਂ ਨੂੰ ਮਾਰ ਕੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਸਤਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦਿੱਤੀ ਗਈ ਹੈ। ਬੀਤੇ ਦਿਨੀਂ ਇਹ ਖ਼ਬਰ ਮੀਡੀਆ 'ਚ ਆਉਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਵਿਜੈ ਦਿਵਸ ਮੌਕੇ ਸਤਪਾਲ ਸਿੰਘ ਨੂੰ ਤਰੱਕੀ ਦੇਣ ਦਾ ਫ਼ੈਸਲਾ ਲਿਆ ਹੈ।
ਕੈਪਟਨ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ੇਅਰ ਕੀਤੀ ਭਾਵੁਕ ਵੀਡੀਓ
ਦੱਸਣਯੋਗ ਹੈ ਕਿ ਫ਼ੌਜ ਤੋਂ ਸੇਵਾਮੁਕਤ ਹੋ ਕੇ ਸਤਪਾਲ ਸਿੰਘ ਸਾਲ 2010 ਵਿੱਚ ਪੰਜਾਬ ਪੁਲਿਸ 'ਚ ਭਰਤੀ ਹੋ ਗਏ ਸਨ। ਸਤਪਾਲ ਸਿੰਘ ਨੂੰ 9 ਸਾਲਾਂ ਦੀ ਨੌਕਰੀ ਬਦਲੇ ਇੱਕ ਦਰਜਾ ਵਧਾ ਕੇ ਸਹਾਇਕ ਸਬ-ਇੰਸਪੈਕਟਰ ਦਾ ਦਰਜਾ ਦਿੱਤਾ ਗਿਆ ਹੈ। ਹਾਲਾਂਕਿ, ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਤਪਾਲ ਸਿੰਘ ਨੂੰ ਅਣਗੋਲਿਆ ਕਰਨ ਦਾ ਜ਼ਿੰਮੇਦਾਰ ਪਿਛਲੀ ਬਾਦਲ ਸਰਕਾਰ ਨੂੰ ਠਹਿਰਾਇਆ ਹੈ।
ਜ਼ਿਕਰਯੋਗ ਹੈ ਕਿ ਸਤਪਾਲ ਸਿੰਘ ਨੇ 'ਓਪ੍ਰੇਸ਼ਨ ਵਿਜੈ' ਦੌਰਾਨ ਭਾਰਤੀ ਫ਼ੌਜ ਦਾ ਸਿਪਾਹੀ ਹੁੰਦਿਆਂ ਟਾਈਗਰ ਹਿੱਲ 'ਤੇ ਕਬਜ਼ਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸਤਪਾਲ ਸਿੰਘ ਨੇ ਪਾਕਿਸਤਾਨ ਦੀ ਉੱਤਰੀ ਟੁਕੜੀ ਦੇ ਕਪਤਾਨ ਕਰਨਲ ਸ਼ੇਰ ਖ਼ਾਨ ਸਮੇਤ ਚਾਰ ਪਾਕਿਸਤਾਨੀ ਫ਼ੌਜੀਆਂ ਨੂੰ ਮਾਰਿਆ ਸੀ। ਸ਼ੇਰ ਖ਼ਾਨ ਨੂੰ ਮੌਤ ਤੋਂ ਬਾਅਦ ਪਾਕਿਸਤਾਨ ਨੇ ਬਹਾਦੁਰੀ ਪੁਰਸਕਾਰ ਦਿੱਤਾ ਸੀ।