ਚੰਡੀਗੜ੍ਹ: ਵਿਦਿਆਰਥੀ ਸੰਘ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਇਕ ਨਵੀਂ ਰੂਹ ਫੂਕੀ ਗਈ ਹੈ। ਹੁਣ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਯੂਥ ਕਾਂਗਰਸ ਯੂਥ ਜੋੜੋ ਬੂਥ ਜੋੜੋ ਅਭਿਆਨ ਸ਼ੁਰੂ ਕਰਨ ਜਾ ਰਹੀ ਹੈ। ਕਾਂਗਰਸ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਦਾਅਵੇਦਾਰੀ ਹੋਰ ਵੀ ਮਜ਼ਬੂਰ ਕਰਨਾ ਚਾਹੁੰਦੀ ਹੈ। ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਵਿਚ ਸਿਆਸੀ ਸਮੀਕਰਨ ਬਦਲੇ ਉਸ ਤਰ੍ਹਾਂ ਪੰਜਾਬ ਦੀ ਰਾਜਨੀਤੀ ਵਿਚ ਸਿਆਸੀ ਸਮੀਕਰਨ ਬਦਲਣ ਦੀ ਉਮੀਦ ਕਾਂਗਰਸ ਨੂੰ ਜਾਗੀ ਹੈ। ਪੰਜਾਬ ਯੂਥ ਕਾਂਗਰਸ ਇਸ ਲਈ ਪਹਿਲ ਕਦਮੀ ਦੀ ਸ਼ੁਰੂਆਤ ਕਰ ਰਹੀ ਹੈ।
ਯੂਥ ਕਾਂਗਰਸ 2024 ਚੋਣਾਂ 'ਚ ਕਰ ਸਕੇਗੀ ਕਮਾਲ ? : ਇਸ ਸਵਾਲ ਉੱਤੇ ਸਿਆਸੀ ਮਾਹਿਰ ਪ੍ਰੋ. ਮਨਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਪੰਜਾਬ ਯੂਨੀਵਰਸਿਟੀ ਦੇ ਚੋਣ ਨਤੀਜਿਆਂ ਦਾ ਅਸਰ ਪੰਜਾਬ ਦੀਆਂ ਲੋਕ ਸਭਾ ਚੋਣਾਂ 'ਤੇ ਵੀ ਹੋਵੇਗਾ। ਕਿਉਂਕਿ ਇਹ ਕੇਂਦਰ ਸਾਸ਼ਿਤ ਪ੍ਰਦੇਸ਼ ਦੀ ਯੂਨੀਵਰਸਿਟੀ ਹੈ, ਜਿੱਥੇ ਕਈ ਸੂਬਿਆਂ ਦੇ ਬੱਚੇ ਪੜਨ ਆਉਂਦੇ ਹਨ। ਜਿਸ ਕਰਕੇ ਇਸ ਨੂੰ ਪੰਜਾਬ ਦੀ ਰਾਜਨੀਤੀ ਨਾਲ ਸਿੱਧੇ ਤੌਰ 'ਤੇ ਨਹੀਂ ਜੋੜਿਆ ਜਾ ਸਕਦਾ। ਪਰ, ਕਾਂਗਰਸ ਜੋਸ਼ ਵਿੱਚ ਜ਼ਰੂਰ ਹੈ ਅਤੇ ਉਮੀਦ ਵਿੱਚ ਵੀ ਹੈ। ਜਿਸ ਤਰ੍ਹਾਂ ਚੰਡੀਗੜ੍ਹ 'ਚ ਮਿਊਂਸੀਪਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਹਨੇਰੀ ਚੱਲੀ ਅਤੇ ਉਸਦਾ ਪ੍ਰਭਾਵ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਵੇਖਣ ਨੂੰ ਮਿਲਿਆ। ਜਿਸ ਕਰਕੇ ਲੋਕ ਸਭਾ ਚੋਣਾਂ 2024 ਦੀ ਸਿਆਸੀ ਤਸਵੀਰ 'ਤੇ ਕਈ ਕਿਆਸ ਸ਼ੁਰੂ ਹੋ ਗਏ ਹਨ।
ਨੌਜਵਾਨਾਂ ਨੇ ਘਨੱਈਆ ਕੁਮਾਰ ਦਾ ਪ੍ਰਭਾਵ ਕਬੂਲਿਆ !:ਘਨੱਈਆ ਕੁਮਾਰ ਨੇ ਜਿਸ ਤਰ੍ਹਾਂ ਆ ਕੇ ਪੰਜਾਬ ਯੂਨੀਵਰਸਿਟੀ ਵਿੱਚ ਚੋਣ ਰਣਨੀਤੀ ਉਲੀਕੀ, ਉਸ ਨੇ ਕਾਂਗਰਸ ਦੇ ਵਿਦਿਆਰਥੀ ਵਿੰਗ ਲਈ ਸੰਜੀਵਨੀ ਬੂਟੀ ਦਾ ਕੰਮ ਕੀਤਾ। ਦੇਸ਼ ਪੱਧਰ 'ਤੇ ਨੌਜਵਾਨਾਂ ਨਾਲ ਘਨੱਈਆ ਕੁਮਾਰ ਆਪਣੀ ਇਸ ਤਰ੍ਹਾਂ ਦੀ ਰਣਨੀਤੀ ਨਾਲ ਹੀ ਕੰਮ ਕਰੇਗਾ। ਕਾਂਗਰਸ ਦੇ ਯੂਥ ਲਈ ਘਨੱਈਆ ਕੁਮਾਰ ਦੀ ਲੀਡਰਸ਼ਿਪ ਦੇਸ਼ ਲਈ ਵੀ ਅਤੇ ਪੰਜਾਬ ਲਈ ਵੀ ਸਾਰਥਕ ਸਾਬਿਤ ਹੋ ਸਕਦੀ ਹੈ। ਰਾਹੁਲ ਗਾਂਧੀ ਨੂੰ ਵੀ ਯੂਥ ਕਾਂਗਰਸ ਲਈ ਚੰਗਾ ਆਦਰਸ਼ਵਾਦੀ ਨੇਤਾ ਮੰਨਿਆ ਜਾਂਦਾ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਵੀ ਸਿਆਸੀ ਤਸਵੀਰ ਦੇ ਕਈ ਫ੍ਰੇਮ ਬਦਲੇ ਅਤੇ ਰਾਹੁਲ ਗਾਂਧੀ ਪ੍ਰਤੀ ਲੋਕਾਂ ਦਾ ਨਜ਼ਰੀਆ ਵੀ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਘਨੱਈਆ ਕੁਮਾਰ ਦੀ ਸਾਂਝੀ ਲੀਡਰਸ਼ਿਪ ਦਾ ਅਸਰ ਕਾਫ਼ੀ ਹੱਦ ਤੱਕ ਪੰਜਾਬ ਦੀ ਸਿਆਸਤ ਵਿਚ ਵੀ ਵਿਖਾਈ ਦੇ ਸਕਦਾ ਹੈ। ਹਾਲਾਂਕਿ ਇਹ ਅਸਰ ਕਬੂਲਣ ਵਿਚ ਥੋੜਾ ਸਮਾਂ ਲੱਗ ਸਕਦਾ ਹੈ। ਪੰਜਾਬ ਯੂਥ ਕਾਂਗਰਸ ਵਿਚ ਵੀ ਕਈ ਯੂਥ ਲੀਡਰਾਂ ਦਾ ਚੰਗਾ ਪ੍ਰਭਾਵ ਰਿਹਾ ਰਾਜਾ ਵੜਿੰਗ ਵੀ ਉਹਨਾਂ ਵਿਚੋਂ ਇਕ ਹੈ। ਪੰਜਾਬ ਯੂਥ ਕਾਂਗਰਸ ਨੇ ਵੀ ਆਪਣੇ ਢਾਂਚੇ ਵਿਚ ਕਈ ਬਦਲਾਅ ਕੀਤੇ ਹਨ ਅਤੇ ਨਵੇਂ ਪ੍ਰਧਾਨ ਮੋਹਿਤ ਮਹਿੰਦਰਾ ਦੀ ਯੂਥ ਪ੍ਰਧਾਨ ਵਜੋਂ ਨਿਯੁਕਤੀ ਕੀਤੀ ਹੈ।