ਚੰਡੀਗੜ੍ਹ: ਪੰਜਾਬ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਸ ਸਾਲ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨ ਪਰਾਲੀ ਤੇ ਨਾੜ ਨੂੰ ਅੱਗ ਨਹੀਂ ਲਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਜੀ ਖੁਦ ਕੁਦਰਤ ਦੇ ਉਪਾਸਕ ਰਹੇ ਤੇ 550 ਸਾਲ ਪਹਿਲਾਂ ਗੁਰੂ ਸਾਹਿਬ ਨੇ ਖੁਦ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੇ ਜ਼ਰੀਏ ਕੁਦਰਤ ਦੀ ਮਹੱਤਤਾ ਸਮਝਾਈ ਸੀ।
ਉਨ੍ਹਾਂ ਕਿਹਾ ਕਿ ਅਕਤੂਬਰ ਤੇ ਨਵੰਬਰ ਵਿੱਚ ਜਦੋਂ ਕਿਸਾਨ ਆਪਣੇ ਖੇਤਾਂ ਵਿੱਚ ਪਰਾਲੀ ਤੇ ਨਾੜ ਨੂੰ ਅੱਗ ਲਾਉਂਦਾ ਹੈ ਤਾਂ ਹਵਾ ਵਿੱਚ ਨਮੀ ਘੱਟ ਜਾਂਦੀ ਹੈ। ਅਜਿਹੇ ਵਿੱਚ ਧੂੰਆਂ ਹਵਾ ਵਿੱਚ ਕਿਧਰੇ ਨਹੀਂ ਖਿੰਡਦਾ ਬਲਕਿ ਜਿੱਥੇ ਅੱਗ ਲੱਗਦੀ ਹੈ। ਉੱਥੋਂ ਦੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਧੂੰਆਂ ਦਿੱਲੀ ਪਹੁੰਚਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਫੇਫੜਿਆਂ ਵਿੱਚੋਂ ਦੀ ਹੋ ਕੇ ਗੁਜ਼ਰਦਾ ਹੈ। ਪੰਜਾਬ ਦੀ ਆਬਾਦੀ ਤਿੰਨ ਕਰੋੜ ਦੇ ਕਰੀਬ ਹੈ ਤੇ ਕਰੀਬ 60 ਲੱਖ ਬੱਚੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਹਨ। ਉਨ੍ਹਾਂ ਦਾ ਕੋਈ ਕਸੂਰ ਨਹੀਂ ਪਰ ਨਵੰਬਰ ਦਸੰਬਰ ਦੇ ਮਹੀਨੇ ਹਸਪਤਾਲਾਂ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਬਿਮਾਰ ਹੋ ਕੇ ਭਰਤੀ ਹੁੰਦੇ ਹਨ। ਅਜਿਹੇ ਵਿੱਚ ਕਿਸਾਨਾਂ ਦੀ ਸਵੈ-ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਰਾਲੀ ਤੇ ਨਾੜ ਨੂੰ ਅੱਗ ਨਾ ਲਾਉਣ।