ਚੰਡੀਗੜ੍ਹ: ਪੰਜਾਬੀਆਂ ਦੀ ਮਾਂ ਖੇਡ ਕਬੱਡੀ ਜਗਤ ਲਈ ਬੜੀ ਹੀ ਦੁੱਖਦਾਈ ਅਤੇ ਡੂੰਘੇ ਸਦਮੇ ਵਾਲੀ ਖਬਰ ਆਈ ਹੈ, ਕਬੱਡੀ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਕਬੱਡੀ ਨੂੰ ਸਭ ਤੋਂ ਪਹਿਲਾਂ ਪ੍ਰਮੋਟ ਕਰਨ ਤੇ ਕਬੱਡੀ ਨੂੰ ਜੀਅ-ਜਾਨ ਨਾਲ ਪਿਆਰ ਕਰਨ ਵਾਲੇ ਤੇ ਆਪਣੀ ਸਮੁੱਚੀ ਜ਼ਿੰਦਗੀ ਕਬੱਡੀ ਦੇ ਲੇਖੇ ਲਾਉਣ ਵਾਲੇ ਮਹਿੰਦਰ ਸਿੰਘ ਮੌੜ (ਕਾਲਾ ਸੰਘਿਆਂ) ਜ਼ਿੰਦਗੀ ਦੀ ਬਾਜੀ ਹਾਰ ਗਏ। ਮਹਿੰਦਰ ਸਿੰਘ ਮੌੜ ਸੋਮਵਾਰ ਸਵੇਰੇ ਕਰੀਬ 7:35 ਵਜੇ ਸਦੀਵੀ ਵਿਛੋੜਾ ਦੇ ਗਏ। ਜ਼ਿਕਰਯੋਗ ਹੈ ਕਿ ਉਹ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ।
ਉਨ੍ਹਾਂ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੂਬੇ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਮਹਿੰਦਰ ਸਿੰਘ ਮੌੜ ਨੇ ਹਜ਼ਾਰਾਂ ਕਬੱਡੀ ਖਿਡਾਰੀਆਂ ਨੂੰ ਵਿਦੇਸ਼ `ਚ ਖੇਡਣ ਦਾ ਮੌਕਾ ਪ੍ਰਦਾਨ ਕੀਤਾ ਤੇ ਕਈਆਂ ਦੇ ਵਿਆਹ ਕਰਵਾ ਕੇ ਵਿਦੇਸ਼ਾਂ ਵਿੱਚ ਹੀ ਉਨ੍ਹਾਂ ਨੂੰ ਸੈੱਟ ਕਰਕੇ ਰੋਜੀ ਰੋਟੀ ਦੇ ਕਾਬਲ ਬਣਾਇਆ।