ਚੰਡੀਗੜ੍ਹ:ਅੱਜ ਵਿਸ਼ਵ ਭਰ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦਾ ਜੋਤਿ ਜੋਤ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼-ਵਿਦੇਸ਼ ਦੇ ਵੱਖ-ਵੱਖ ਗੁਰੂਘਰਾਂ ਵਿੱਚ ਅੱਜ ਸਮਾਗਮ ਕਰਵਾਏ ਜਾ ਰਹੇ ਹਨ ਤੇ ਸ੍ਰੀ ਅਖੰਡ ਖਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਘਰ ਹਾਜ਼ਰੀ ਭਰ ਰਹੀ ਹੈ।
ਜਨਮ ਅਤੇ ਮਾਤਾ-ਪਿਤਾ:ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 1534 ਈਸਵੀ ਨੂੰ ਚੂਨਾ ਮੰਡੀ, ਲਾਹੌਰ ਵਿਖੇ ਪਿਤਾ ਸ੍ਰੀ ਹਰਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ। ਗੁਰੂ ਰਾਮਦਾਸ ਜੀ ਪਹਿਲਾ ਨਾਂ ਜੇਠਾ ਸਿੰਘ ਸੀ। ਬਚਪਨ ਵਿੱਚ ਹੀ ਗੁਰੂ ਜੀ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ ਸੀ, ਜਿਸ ਕਾਰਨ ਬਚਪਨ ਦਾ ਬਹੁਤਾ ਸਮਾਂ ਗੁਰੂ ਜੀ ਨੇ ਨਾਨਕੇ ਘਰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਿਤਾਇਆ। ਇਥੇ ਗੁਰੂ ਜੀ ਘੁੰਗਣੀਆਂ ਵੇਚਕੇ ਘਰ ਦਾ ਗੁਜ਼ਾਰਾ ਚਲਾਉਂਦੇ ਸਨ।
ਬੀਬੀ ਭਾਨੀ ਜੀ ਨਾਲ ਹੋਇਆ ਵਿਆਹ: ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਗ ਕਾਰਨ ਆਪ ਜੀ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਇਥੇ ਆਪ ਗੁਰੂ ਦਰਬਾਰ ਵਿੱਚ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦੇ ਅਤੇ ਗੁਰੂ-ਘਰ ਵਿੱਚ ਸੇਵਾ ਵੀ ਕਰਦੇ, ਪਰ ਸ੍ਰੀ ਗੁਰੂ ਰਾਮਦਾਸ ਜੀ ਰੋਜ਼ੀ-ਰੋਟੀ ਘੁੰਗਰੂ ਵੇਚ ਕੇ ਚਲਾਉਂਦੇ ਸਨ। ਆਪ ਦੀ ਨਿਮਰਤਾ, ਸੇਵਾ ਸਿਮਰਨ, ਮੇਹਨਤ ਅਤੇ ਚੰਗੇ ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਆਪ ਜੀ ਨਾਲ ਕਰਵਾ ਦਿੱਤਾ।