ਸਿੱਖ ਫੌਜੀਆਂ ਨੂੰ ਹੈਲਮੇਟ ਪਵਾਉਣ ਦੀ ਤਿਆਰੀ 'ਚ ਕੇਂਦਰ, ਸਿਆਸੀ ਤੇ ਧਾਰਮਿਕ ਖੇਮਿਆਂ ਦੀ ਪੜ੍ਹੋ ਕੀ ਹੈ ਰਾਇ ਚੰਡੀਗੜ੍ਹ:ਦੇਸ਼ ਦੀ ਕੇਂਦਰ ਸਰਕਾਰ ਵਲੋਂ ਭਾਰਤੀ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮੇਟ ਦੀ ਤਜ਼ਵੀਜ ਤੋਂ ਬਾਅਦ ਸਿਆਸੀ ਤੇ ਧਾਰਮਿਕ ਖੇਮਿਆਂ ਵਿੱਚ ਚਰਚਾ ਦਾ ਮਾਹੌਲ ਹੈ। ਸਿੱਖ ਸਕਾਲਰ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਇਸ ਫੈਸਲੇ ਨੂੰ ਕਈ ਤਰ੍ਹਾਂ ਨਾਲ ਵਿਚਾਰ ਰਹੇ ਹਨ। ਗੱਲ ਕਰੀਏ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਤਾਂ ਉਨ੍ਹਾਂ ਵਲੋਂ ਤਾਂ ਇਹ ਵੀ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਕਿ ਸਰਕਾਰ ਨੂੰ ਆਪਣੇ ਇਸ ਫੈਸਲੇ ਉੱਪਰ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਕੀ ਬੋਲੇ ਉੱਘੇ ਸਿੱਖ ਚਿੰਤਕ ਗੁਰਦਸ਼ਨ ਸਿੰਘ ਢਿੱਲੋਂ :ਇਸ ਬਾਰੇ ਜਦੋਂ ਸਿੱਖ ਮਾਮਲਿਆਂ ਦੇ ਚਿੰਤਕ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਸਿੱਖ ਫੌਜੀਆਂ ਉੱਤੇ ਹੈਲਮੇਟ ਦਾ ਫ਼ੈਸਲਾ ਜਬਰਨ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਸਿੱਖ ਫੌਜੀਆਂ ਨੂੰ ਦਸਤਾਰ ਦੀ ਥਾਂ ਹੈਲਮੇਟ ਪਾਉਣ ਦੀ ਤਜਵੀਜ਼ ਰੱਖੀ ਗਈ ਹੈ। ਇਹ ਫ਼ੈਸਲਾ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਅੱਧੀ ਅਧੂਰੀ ਜਾਣਕਾਰੀ ਹੈ। ਦਰਅਸਲ ਇਹ ਹੈਲਮੈਟ ਦਸਤਾਰ ਦੀ ਸ਼ਾਨ ਨੂੰ ਖ਼ਤਮ ਨਹੀਂ ਕਰਨਗੇ ਬਲਕਿ ਦਸਤਾਰ ਉਪਰ ਹੀ ਪਾਏ ਜਾਣਗੇ ਤਾਂ ਕਿ ਦੁਸ਼ਮਣਾਂ ਵੱਲੋਂ ਆਉਂਦੀ ਗੋਲੀ ਸਿੱਖ ਫੌਜੀ ਨੂੰ ਨਿਸ਼ਾਨਾ ਨਾ ਬਣਾ ਸਕੇ। ਕਿਉਂਕਿ ਪੱਗ ਕੱਪੜੇ ਦੀ ਹੁੰਦੀ ਹੈ ਅਤੇ ਗੋਲੀ ਆਰ ਪਾਰ ਹੋ ਸਕਦੀ ਹੈ। ਜੇਕਰ ਪੱਗ ਦੇ ਉਪਰ ਹੈਲਮੈਟ ਪਾਇਆ ਜਾਵੇਗਾ ਤਾਂ ਗੋਲੀ ਅਸਰ ਨਹੀਂ ਕਰੇਗੀ।
ਪੁਰਾਣੇ ਸਮਿਆਂ ਵਿਚ ਸਿੱਖ ਜੰਗ ਦੌਰਾਨ ਜਿਸ ਤਰੀਕੇ ਨਾਲ ਢਾਲ ਇਸਤੇਮਾਲ ਕਰਦੇ ਸਨ ਉਸੇ ਤਰੀਕੇ ਇਹ ਹੈਲਮੈਟ ਵੀ ਸਿਰ ਲਈ ਢਾਲ ਦਾ ਕੰਮ ਕਰੇਗਾ। ਇਸਦੇ ਨਾਲ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਿਧਰੇ ਵੀ ਨਹੀਂ ਹੋਵੇਗੀ। ਸਿੱਖਾਂ ਨੇ ਇਸੇ ਦੁਨੀਆਂ 'ਚ ਜਿਊਣਾ ਹੈ ਤਾਂ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੋਵੇਗੀ। ਨਿਊਜ਼ੀਲੈਂਡ, ਆਸਟ੍ਰੇਲੀਆ, ਅਮਰੀਕਾ ਅਤੇ ਯੂਕੇ ਵਰਗੇ ਦੇਸ਼ਾਂ ਵਿਚ ਫੌਜਾਂ ਦੀ ਸਿੱਖ ਰੈਜੀਮੈਂਟ ਬਣ ਰਹੀ ਹੈ ਉਥੇ ਇਹਨਾਂ ਹੈਲਮੇਟਸ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਸਿੱਖ ਫੌਜੀਆਂ ਲਈ ਹੈਲਮੇਟ ਦਾ ਵਿਰੋਧ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ ਨੂੰ ਇਸ ਫੈਸਲੇ 'ਤੇ ਗੌਰ ਕਰਨ ਲਈ ਕਿਹਾ
ਭਾਜਪਾ ਆਗੂ ਹਰਜੀਤ ਗਰੇਵਾਲ ਦੀ ਟਿੱਪਣੀ :ਇਸ ਮਾਮਲੇ ਉੱਤੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਸਰਕਾਰ ਦਾ ਪੱਖ ਪੇਸ਼ ਕੀਤਾ ਹੈ। ਉਹਨਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਹਨ ਭਾਜਪਾ ਕੋਈ ਵੀ ਅਜਿਹਾ ਫ਼ੈਸਲਾ ਨਹੀਂ ਲਵੇਗੀ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੇ। ਉਹਨਾਂ ਆਖਿਆ ਕਿ ਜਥੇਦਾਰ ਨੇ ਜੋ ਮੁੱਦਾ ਚੁੱਕਿਆ ਉਹ ਬਿਲਕੁਲ ਵਾਜਿਬ ਹੈ। ਇਹ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਅਤੇ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਭਾਰਤੀ ਜਨਤਾ ਪਾਰਟੀ ਵੀ ਸਿੱਖਾਂ ਦਾ ਸਨਮਾਨ ਅਤੇ ਸਤਿਕਾਰ ਚਾਹੁੰਦੀ ਹੈ। ਇਹ ਮਸਲਾ ਗੱਲਬਾਤ ਰਾਹੀਂ ਹੱਲ ਹੋ ਜਾਵੇਗਾ ਇਸਦੇ ਵਿਚ ਕਿਧਰੇ ਵੀ ਸਿੱਖਾਂ ਨਾਲ ਧੱਕਾ ਨਹੀਂ ਹੋਵੇਗਾ।
ਕੀ ਬੋਲੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਸਿੱਖ ਫੌਜੀਆਂ ਨੂੰ ਹੈਲਮੇਟ ਪਵਾਉਣ ਦੇ ਯਤਨ ਸ਼ੁਰੂ ਕਰ ਰਹੀ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ਾਂ ਨੇ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਵੇਲੇ ਸਿੱਖ ਫੌਜੀਆਂ ਨੇ ਅੰਗਰੇਜ਼ਾਂ ਦੇ ਫ਼ੈਸਲੇ ਨੂੰ ਮੁੱਢੋਂ ਰੱਦ ਕੀਤਾ ਸੀ। ਉਹਨਾਂ ਆਖਿਆ ਕਿ ਦਸਤਾਰ ਸਿੱਖਾਂ ਦੇ ਸਿਰ ਤੇ ਬੰਨਿਆ 5- 7 ਮੀਟਰ ਦਾ ਕੋਈ ਕੱਪੜਾ ਨਹੀਂ ਬਲਕਿ ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਤਾਜ ਹੈ ਤੇ ਸਿੱਖਾਂ ਦੀ ਪਛਾਣ ਦਾ ਪ੍ਰਤੀਕ ਹੈ। ਦਸਤਾਰ ਉੱਤੇ ਟੋਪ ਪਾਉਣਾ ਸਿੱਖਾਂ ਦੀ ਪਛਾਣ ਖ਼ਤਮ ਕਰਨ ਦੇ ਬਰਾਬਰ ਹੈ ਅਤੇ ਸਿੱਖ ਪੰਥ ਇਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ। ਸਿੱਖ ਮਰਿਯਾਦਾ ਅਨੁਸਾਰ ਟੋਪੀ ਪਾਉਣਾ ਸਿੱਖਾਂ ਨੂੰ ਵਰਜਿਤ ਹੈ ਭਾਵੇਂ ਉਹ ਕੱਪੜੇ ਦੀ ਹੋਵੇ ਜਾਂ ਲੋਹੇ ਦੀ।
ਅਸਲ ਵਿੱਚ ਮਾਮਲਾ ਹੈ ਕੀ:ਮੀਡੀਆ ਰਿਪੋਰਟਾਂ ਦੇ ਮੁਤਾਬਿਕ ਭਾਰਤੀ ਰੱਖਿਆ ਮੰਤਰਾਲੇ ਵੱਲੋਂ ਸਿੱਖ ਫੌਜੀ ਜਵਾਨਾਂ ਲਈ 12,730 ਹੈਲਮੈਟ ਖਰੀਦਣ ਲਈ ਰਿਕਵੈਸਟ ਪ੍ਰਪੋਜ਼ਲ ਜਾਰੀ ਕੀਤਾ ਗਿਆ ਹੈ, ਜਿਸਨੂੰ ਕਿ ਬੈਲੇਸਟਿਕ ਹੈਲਮੈਟ ਕਿਹਾ ਜਾਂਦਾ ਹੈ। ਇਹ ਹੈਲਮੇਟ ਪੂਰਾ ਸਿਰ ਢੱਕਣ ਲਈ ਇਸਤੇਮਾਲ ਹੋਵੇਗਾ। ਪ੍ਰਪੋਜ਼ਲ ਵਿਚ ਕਿਹਾ ਗਿਆ ਹੈ ਕਿ ਹੈਲਮੇਟ ਖਾਸ ਤੌਰ 'ਤੇ ਸਿੱਖ ਫੌਜੀਆਂ ਦੇ ਸਿਰ ਦੇ ਆਕਾਰ ਦਾ ਹੋਣਾ ਚਾਹੀਦਾ ਹੈ ਅਤੇ ਇਸਨੂੰ ਵਿਸ਼ੇਸ਼ ਰੂਪ ਵਿਚ ਡਿਜ਼ਾਈਨ ਕੀਤਾ ਜਾਵੇਗਾ। ਭਾਰਤੀ ਸਿੱਖਾਂ ਲਈ ਮੌਜੂਦ ਹੈਲਮੈਟ ਪੂਰੇ ਆਕਾਰ ਦੇ ਹਨ ਜਿਸ ਲਈ ਹੁਣ ਖਾਸ ਆਕਾਰ ਦੇ ਹੈਲਮੇਟ ਤਿਆਰ ਕਰਵਾਏ ਜਾਣਗੇ।