Jathedar Giani Harpreet Singh: ਸਰਕਾਰ ਦੇ ਦਮਨ ਖਿਲਾਫ਼ ਬੋਲਣ ਵਾਲੇ ਨੌਜਵਾਨ ਮੀਡੀਆ ਦੇ ਨਾਲ ਖੜ੍ਹਾਂਗੇ, ਸ੍ਰੀ ਦਮਦਮਾ ਸਾਹਿਬ ਵਿਖੇ ਮੀਟਿੰਗ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਿਆਨ ਬਠਿੰਡਾ :ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੱਦੀ ਮੀਟਿੰਗ ਤੋਂ ਬਾਅਦ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੂਰੀ ਦੁਨੀਆ 'ਚ ਸਰਕਾਰਾਂ ਦੇ ਦਮਨ ਖਿਲਾਫ ਬੋਲਣ ਵਾਲੇ ਮੀਡੀਆ ਨਾਲ ਜ਼ਰੂਰ ਸਟੈਂਡ ਲਿਆ ਜਾਵੇਗਾ। ਜਥੇਦਾਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਜਾਬ ਨਾਲ ਹੁੰਦੀਆਂ ਵਧੀਕੀਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਸੰਵਾਦ ਰਚਾਉਣਾ ਚਾਹੁੰਦੇ ਹਾਂ। ਪਰ ਨੈਸ਼ਨਲ ਮੀਡੀਆ ਇਸਨੂੰ ਇਹ ਐਂਗਲ ਨਾ ਦੇਵੇ ਕਿ ਅਸੀਂ ਸਰਬੱਤ ਖਾਲਸਾ ਬੁਲਾ ਰਹੇ ਹਾਂ।
ਪ੍ਰੈੱਸ ਨੂੰ ਕੀਤਾ ਜਾ ਰਿਹਾ ਹੈ ਕਮਜ਼ੋਰ : ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਗਿਲਾ ਵੀ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਜਥੇਦਾਰ ਨੇ ਕਿਹਾ ਕਿ ਪੰਜਾਬ ਮੀਡੀਆ ਲੋਕਤੰਤਰ ਦੇ ਚਾਰ ਥੰਮ੍ਹਾਂ ਵਿੱਚੋਂ ਇੱਕ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਨਿਆਂਪਾਲਿਕਾ ਦੇ ਨਾਲ ਨਾਲ ਪ੍ਰੈੱਸ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ। ਪਰ ਸਰਕਾਰ ਨੂੰ ਇਹ ਵੀ ਇਲਮ ਹੋਣਾ ਚਾਹੀਦਾ ਹੈ ਕਿ ਜੇਕਰ ਚਾਰ ਥੰਮ੍ਹਾਂ ਨੂੰ ਛੋਟਾ ਕਰ ਦਿੱਤਾ ਜਾਵੇ ਤਾਂ ਸਰਕਾਰ ਦਾ ਵਜ਼ੂਦ ਵੀ ਸੁਰੱਖਿਅਤ ਨਹੀਂ ਹੈ।
ਜਥੇਦਾਰ ਨੇ ਕਿਹਾ ਕਿ ਸਰਕਾਰ ਬੇਸ਼ੱਕ ਪੰਜਾਬ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਜਿਹਾ ਨਹੀਂ ਹੋ ਸਕਦਾ। ਪੰਜਾਬ ਤੇ ਹਰਿਆਣਾ ਨੂੰ ਜਿੰਨਾ ਦਬਾਇਆ ਜਾਵੇਗਾ, ਇਹ ਦੋਵੇਂ ਸੂਬੇ ਉਸੇ ਹਿਸਾਬ ਨਾਲ ਉੱਭਰ ਕੇ ਸਾਹਮਣੇ ਆਉਣਗੇ। ਸਰਕਾਰ ਨੂੰ ਇਹ ਸਮਝਣਾ ਪੈਣਾ ਹੈ ਕਿ ਮੀਡੀਆ ਦੀ ਆਵਾਜ ਲੋਕਾਂ ਦੀ ਆਵਾਜ ਹੈ। ਜਥੇਦਾਰ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਥੇਦਾਰ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕੀ ਵੱਧ ਤੋਂ ਵੱਧ ਸੰਖਿਆਂ ਵਿੱਚ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਦਮਦਮਾ ਸਾਹਿਬ ਵਿਖੇ ਸ਼ਮੂਲੀਅਤ ਕੀਤੀ ਜਾਵੇ।
ਇਹ ਵੀ ਪੜ੍ਹੋ: :Sidhu Moosewala New Song: ਗੀਤ 'ਮੇਰਾ ਨਾਂ' ਰਿਲੀਜ਼ ਹੋਣ ਤੋਂ ਬਾਅਦ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ, ਪ੍ਰਸ਼ੰਸਕਾਂ ਲਈ ਛੱਡਿਆ ਇਹ ਖਾਸ ਸੁਨੇਹਾ
ਜ਼ਿਕਰਯੋਗ ਹੈ ਕਿ 18 ਮਾਰਚ ਨੂੰ ਫਰਾਰ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ 2 ਵੀਡੀਓ ਜਾਰੀ ਕੀਤੇ ਸਨ। ਇਸ ਵਿੱਚ ਅੰਮ੍ਰਿਤਪਾਲ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਦੇ ਨਾਲ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਸੀ ਕਿ ਸਰਬੱਤ ਖਾਲਸਾ ਸੱਦਿਆ ਜਾਵੇ। ਦੂਜੇ ਪਾਸੇ ਇਹ ਵੀ ਅੰਦਾਜੇ ਹਨ ਕਿ ਵਿਸਾਖੀ ਵਾਲੇ ਦਿਨ ਅੰਮ੍ਰਿਤਪਾਲ ਸਿੰਘ ਆਤਮ ਸਮਰਪਣ ਕਰ ਸਕਦਾ ਹੈ। ਇਸਨੂੰ ਲੈ ਪੁਲਿਸ ਪ੍ਰਸ਼ਾਸਨ ਵੀ ਪੂਰਾ ਚੌਕਸ ਹੈ। ਦੂਜਾ ਇਸ ਦਿਨ ਨੂੰ ਲੈ ਕੇ ਲੋਕਾਂ ਵਿੱਚ ਵੀ ਵੱਖੋ-ਵੱਖ ਚਰਚਾਵਾਂ ਹਨ।