ਚੰਡੀਗੜ੍ਹ: ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਜਲੰਧਰ ਦੀਆਂ ਜ਼ਿਮਨੀ ਚੋਣਾਂ ਦਿਲਚਸਪ ਰਹਿਣ ਵਾਲੀਆਂ ਹਨ। ਮਾਹਿਰਾਂ ਮੁਤਾਬਿਕ ਸਭ ਤੋਂ ਵੱਡੀ ਅਗਨੀ ਪ੍ਰੀਖਿਆ ਕਾਂਗਰਸ ਲਈ ਜਿਹਨਾਂ ਦੇ ਐੱਮਪੀ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਇਹ ਲੋਕ ਸਭਾ ਹਲਕਾ ਖਾਲੀ ਹੋਇਆ। ਬਾਕੀ ਪਾਰਟੀਆਂ ਨਾਲੋਂ ਜ਼ਿਆਦਾ ਜ਼ਿਆਦਾ ਜ਼ੋਰ ਕਾਂਗਰਸ ਦਾ ਲੱਗੇਗਾ ਕਿਉਂਕਿ ਉਸ ਨੇ ਆਪਣਾ ਗੜ੍ਹ ਬਚਾਉਣਾ ਹੈ। ਚੌਧਰੀ ਸੰਤੋਖ ਸਿੰਘ ਜਲੰਧਰ ਲੋਕ ਸਭਾ ਹਲਕੇ ਤੋਂ 2 ਵਾਰ ਲਗਾਤਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ। ਕਾਂਗਰਸ ਨੇ ਹੁਣ ਉਹਨਾਂ ਦੀ ਹੀ ਧਰਮ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਐਲਾਨਿਆ।
ਜਲੰਧਰ ਲੋਕ ਸਭਾ ਹਲਕੇ ਦੇ ਸਮੀਕਰਣ ਵੱਖਰੇ:ਪੰਜਾਬ ਦੇ ਬਾਕੀ ਲੋਕ ਸਭਾ ਹਲਕਿਆਂ ਨਾਲੋਂ ਜਲੰਧਰ ਲੋਕ ਸਭਾ ਹਲਕੇ ਦੇ ਸਮੀਕਰਣ ਅਤੇ ਲੋਕਾਂ ਦਾ ਮੂਡ ਕੁਝ ਵੱਖਰਾ ਹੈ। ਜਲੰਧਰ ਨੂੰ ਦਲਿਤ ਅਤੇ ਕ੍ਰਿਸ਼ਚਿਨ ਵੋਟ ਪਭਾਵਿਤ ਕਰਦੀ ਹੈ। ਜਲੰਧਰ ਰਿਜ਼ਰਵਡ ਹਲਕਾ ਹੈ ਜਿੱਥੋਂ ਹਮੇਸ਼ਾ ਦਲਿਤ ਭਾਈਚਾਰੇ ਨਾਲ ਸਬੰਧਤ ਉਮੀਦਵਾਰ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਅਤੇ ਰਾਜਨੀਤਕ ਮਾਹਿਰ ਖਾਲਿਦ ਮੁਹੰਮਦ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ 1 ਤੀਰ ਨਾਲ 2 ਸ਼ਿਕਾਰ ਕਰ ਰਹੀ ਹੈ। ਇੱਕ ਤੀਰ ਕ੍ਰਿਸ਼ਚਨਾਂ ਲਈ ਅਤੇ ਦੂਜਾ ਦਲਿਤਾਂ ਲਈ। 'ਆਪ' ਦੇ ਸਾਰੇ ਆਗੂ ਕ੍ਰਿਸ਼ਚਨ ਅਤੇ ਦਲਿਤ ਭਾਈਚਾਰੇ ਦੀਆਂ ਗਤੀਵਿਧੀਆਂ ਵਿੱਚ ਹਰ ਰੋਜ਼ ਸ਼ਾਮਿਲ ਹੋ ਰਹੇ ਹਨ। 28000 ਨੌਕਰੀਆਂ ਅਤੇ 44 ਪ੍ਰਤੀਸ਼ਤ ਇਕੱਠੇ ਕੀਤੇ ਮਾਲੀਏ ਦਾ ਪ੍ਰਚਾਰ ਲਗਾਤਾਰ ਆਮ ਆਦਮੀ ਪਾਰਟੀ ਕਰ ਰਹੀ ਹੈ।
ਸੁਸ਼ੀਲ ਕੁਮਾਰ ਰਿੰਕੂ 'ਆਪ' ਦੀ ਮਜ਼ਬੂਰੀ: ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨਣਾ ਆਮ ਆਦਮੀ ਪਾਰਟੀ ਦੀ ਮਜ਼ਬੂਰੀ ਸੀ, ਕਿਉਂਕਿ 'ਆਪ' ਕੋਲ ਉੱਥੇ ਚੋਣ ਮੈਦਾਨ ਵਿੱਚ ਲਿਆਉਣ ਲਈ ਕੋਈ ਉਮੀਦਵਾਰ ਨਹੀਂ ਸੀ। ਜਿਹਨਾਂ ਦਾ ਆਮ ਆਦਮੀ ਪਾਰਟੀ ਹਮੇਸ਼ਾ ਤ੍ਰਿਸਕਾਰ ਕਰਦੀ ਰਹੀ ਅਤੇ ਜਿਸਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਵੱਡੇ ਮਾਰਜਨ ਨਾਲ ਹਰਾਇਆ ਉਸੇ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ। ਪ੍ਰੋਫੈਸਰ ਖਾਲਿਦ ਮੁਹੰਮਦ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਇੱਕ ਲੋਅਰ ਵਿਕਟ ’ਤੇ ਖੇਡ ਰਹੀ ਹੈ ਅਤੇ ਆਪਣੇ ਦਮ ਉੱਤੇ ਚੋਣਾਂ ਨਹੀਂ ਲੜ੍ਹ ਰਹੀ। ਸੱਤਾ ਧਿਰ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਫੌੜ੍ਹੀਆਂ ਸਹਾਰੇ ਖੜ੍ਹੀ ਹੈ।