ਚੰਡੀਗੜ੍ਹ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਤਹਿਤ ਅੱਜ 6ਵੇਂ ਦਿਨ ਵੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਉਤੇ ਜਾਂਚ ਮੁਹਿੰਮ ਜਾਰੀ ਹੈ। ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਸ਼ਹਿਰਾਂ ਵਿਚ ਫਲੈਗ ਮਾਰਚ ਕੱਢੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਲਈ ਅਪੀਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਉਤੇ ਕੋਈ ਵੀ ਜਾਅਲੀ ਖਬਰ ਕਾਰਨ ਲੋਕ ਪ੍ਰਭਾਵਿਤ ਨਾ ਹੋਣ ਇਸ ਕਾਰਨ ਸਰਕਾਰ ਨੇ ਪੰਜਾਬ ਵਿਚ ਇੰਟਰਨੈੱਟ ਸੇਵਾਵਾਂ ਵੀ ਠੱਪ ਕਰ ਦਿੱਤੀਆਂ ਸਨ। ਹਾਲਾਂਕਿ ਕੁਝ ਸ਼ਹਿਰਾਂ ਵਿਚ ਇੰਟਰਨੈੱਟ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ, ਪਰ ਕੁਝ ਸ਼ਹਿਰਾਂ ਵਿਚ ਹਾਲੇ ਇੰਟਰਨੈੱਟ ਸੇਵਾਵਾਂ ਠੱਪ ਹਨ।
ਇਨ੍ਹਾਂ ਸ਼ਹਿਰਾਂ ਵਿਚ ਹਾਲੇ ਵੀ ਬੰਦ ਇੰਟਰਨੈੱਟ :ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਤਰਨਤਾਰਨ ਅਤੇ ਫਿਰੋਜ਼ਪੁਰ ਵਿੱਚ 24 ਮਾਰਚ ਸ਼ੁੱਕਰਵਾਰ ਦੁਪਹਿਰ 12 ਵਜੇ ਤੱਕ ਇੰਟਰਨੈੱਟ ਅਤੇ ਐਸਐਮਐਸ ਸੇਵਾਵਾਂ ਬੰਦ ਰਹਿਣਗੀਆਂ। ਦੂਜੇ ਪਾਸੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਇੰਟਰਨੈੱਟ ਸੇਵਾਵਾਂ ਨਿਰਵਿਘਨ ਜਾਰੀ ਰਹਿਣਗੀਆਂ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ ਲਾ ਦਿੱਤੀ ਗਈ ਹੈ, ਅੰਮ੍ਰਿਤਪਾਲ ਦੀ ਭਾਲ ਜਾਰੀ ਹੈ। ਅਜਨਾਲਾ ਅਤੇ ਮੋਗਾ ਵਿੱਚ ਸੇਵਾ ਬਹਾਲ ਕੀਤੀਆਂ ਗਈਆਂ ਹਨ।
ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ:ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਕਾਰਵਾਈ ਵਿਚਕਾਰ ਹੁਣ ਬੈਂਕ ਖਾਤਿਆਂ ਦੀ ਵੀ ਜਾਂਚ ਹੋ ਰਹੀ ਹੈ। ਏਜੰਸੀਆਂ ਵੱਲੋਂ ਅੰਮ੍ਰਿਤਪਾਲ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ, ਜਿਸ ਵਿਚ 5 ਕਰੋੜ ਤੋਂ ਵਧ ਰਕਮ ਦਾ ਲੈਣ-ਦੇਣ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਪਤਾ ਲੱਗਾ ਕਿ ਅੰਮ੍ਰਿਤਪਾਲ ਨੂੰ 158 ਵਿਦੇਸ਼ੀ ਖਾਤਿਆਂ ਤੋਂ ਫੰਡ ਦਿੱਤਾ ਜਾ ਰਿਹਾ ਸੀ। ਇਨ੍ਹਾਂ ਵਿੱਚੋਂ 28 ਖਾਤਿਆਂ ਤੋਂ 5 ਕਰੋੜ ਤੋਂ ਵੱਧ ਦੀ ਰਕਮ ਭੇਜੀ ਗਈ। ਇਹ ਖਾਤੇ ਪੰਜਾਬ ਦੇ ਮਾਝੇ ਅਤੇ ਮਾਲਵੇ ਨਾਲ ਸਬੰਧਤ ਹਨ। ਅੰਮ੍ਰਿਤਸਰ, ਤਰਨਤਾਰਨ, ਬਟਾਲਾ, ਗੁਰਦਾਸਪੁਰ, ਜਲੰਧਰ, ਨਵਾਂਸ਼ਹਿਰ, ਕਪੂਰਥਲਾ ਅਤੇ ਫਗਵਾੜਾ ਦੇ ਖਾਤੇ ਅੰਮ੍ਰਿਤਪਾਲ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ :Operation Amritpal: ਪੁਲਿਸ ਦੀ ਗ੍ਰਿਫ਼ਤ ਤੋਂ ਹਾਲੇ ਵੀ ਬਾਹਰ ਅੰਮ੍ਰਿਤਪਾਲ, ਖੂਫ਼ਿਆ ਏਜੰਸੀਆਂ ਨੇ ਖੰਘਾਲੇ ਬੈਂਕ ਅਕਾਊਂਟ
ਵਿਦੇਸ਼ੀ ਫੰਡਿੰਗ ਵਿੱਚ ਏਜੰਸੀਆਂ ਦਾ ਫੋਕਸ ਪੁਆਇੰਟ ਹੋਵੇਗਾ:ਦੇਸ਼ ਵਿੱਚ ਖੋਲ੍ਹੇ ਗਏ ਖਾਤਿਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਤਾ ਲਗਾਇਆ ਜਾ ਰਿਹਾ ਹੈ ਕਿ ਖਾਤਾ ਕਦੋਂ ਖੋਲ੍ਹਿਆ ਗਿਆ ਤੇ ਪਹਿਲਾ ਲੈਣ-ਦੇਣ ਕਦੋਂ ਕੀਤਾ ਗਿਆ ਸੀ ਤੇ ਵਿਦੇਸ਼ ਤੋਂ ਪੈਸਾ ਕਦੋਂ ਆਇਆ। ਉਥੇ ਹੀ ਜਾਂਚ ਕੀਤੀ ਜਾ ਰਹੀ ਹੈ ਕਿ ਪੈਸਾ ਕਿਨ੍ਹਾਂ ਦੇਸ਼ਾਂ ਤੋਂ ਆਇਆ? ਜਦੋਂ ਪੈਸਾ ਆਇਆ ਤਾਂ ਅੱਗੇ ਦਾ ਲੈਣ-ਦੇਣ ਕਿੱਥੇ ਹੋਇਆ? ਇਸ ਦੇ ਨਾਲ ਹੀ ਪਤਾ ਲਗਾਇਆ ਜਾ ਰਿਹਾ ਹੈ ਕਿ ਜਿਸ ਦੇ ਨਾਮ 'ਤੇ ਖਾਤੇ ਖੋਲ੍ਹੇ ਗਏ ਸਨ, ਕੀ ਉਹ ਖਾਤਾ ਕੌਣ ਚਲਾਉਂਦਾ ਸੀ। ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ ਅਤੇ ਆਨੰਦਪੁਰ ਖਾਲਸਾ ਫੋਰਸ ਦੇ ਮੈਂਬਰਾਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਕੀਤੀ ਜਾਵੇਗੀ।