ਚੰਡੀਗੜ੍ਹ:ਸਰੀਰ ਅਤੇ ਮਨ ਨੂੰ ਨਿਰੋਗ ਰੱਖਣ ਲਈ ਯੋਗ ਦਾ ਅਹਿਮ ਯੋਗਦਾਨ ਹੈ। ਵੇਦ ਅਤੇ ਪੁਰਾਣਾਂ ਦੇ ਸਮੇਂ ਤੋਂ ਹੀ ਯੋਗ ਨੂੰ ਰਿਸ਼ੀਆਂ ਮੁੰਨੀਆਂ ਨੇ ਸਾਰੇ ਕਸ਼ਟਾਂ ਦਾ ਨਿਵਾਰਨ ਦੱਸਿਆ ਸੀ। ਸਿਰਫ਼ ਭਾਰਤ ਹੀ ਨਹੀਂ ਹੁਣ ਪੂਰੇ ਸੰਸਾਰ ਵਿਚ ਯੋਗਾ ਦੀ ਮਹਹੱਤਤਾ ਨੂੰ ਸਮਝਿਆ ਜਾ ਰਿਹਾ ਹੈ ਅਤੇ ਯੋਗ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਅੰਗ ਬਣਾਇਆ ਜਾ ਰਿਹਾ ਹੈ। ਇਸੇ ਲਈ 21 ਜੂਨ ਨੂੰ ਹਰ ਸਾਲ ਵਿਸ਼ਵ ਯੋਗ ਦਿਹਾੜਾ ਵੀ ਮਨਾਇਆ ਜਾਂਦਾ ਹੈ। ਕਈ ਲੋਕਾਂ ਨੇ ਤਾਂ ਆਧੁਨਿਕ ਸਮੇਂ ਵਿਚ ਯੋਗ ਨੂੰ ਆਪਣੇ ਲਾਈਫ਼ ਸਟਾਈਲ ਵਿੱਚ ਸ਼ਾਮਲ ਕਰ ਲਿਆ ਹੈ। ਯੋਗ ਹੁਣ ਚੀਨ, ਜਾਪਾਨ, ਤਿੱਬਤ, ਦੱਖਣ-ਪੂਰਬੀ ਏਸ਼ੀਆ ਅਤੇ ਸ਼੍ਰੀਲੰਕਾ ਦੇ ਨਾਲ-ਨਾਲ ਹੋਰ ਕਈ ਦੇਸ਼ਾਂ ਵਿਚ ਅਪਣਾਇਆ ਜਾਂਦਾ ਹੈ ਤੇ ਹੁਣ ਸਾਰੇ ਸਭਿਅਕ ਸੰਸਾਰ ਦੇ ਲੋਕਾਂ ਲਈ ਜਾਣੂ ਹੈ।
ਆਧੁਨਿਕ ਦੌਰ ਵਿਚ ਤਾਂ ਯੋਗ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਭੱਜ ਦੌੜ ਅਤੇ ਕੰਮਾਂ ਦੇ ਬੋਝ ਹੇਠ ਦੱਬੇ ਲੋਕ ਆਪਣੀ ਮਾਨਸਿਕ ਸ਼ਾਂਤੀ ਨੂੰ ਕਿਤੇ ਦੂਰ ਵਿਸਾਰ ਆਏ ਹਨ। ਮਨ ਨੂੰ ਇਕਾਗਰ ਅਤੇ ਸ਼ਾਂਤ ਚਿੱਤ ਬਣਾਉਣ ਲਈ ਯੋਗ ਦਾ ਬਹੁਤ ਵੱਡਾ ਰੋਲ ਹੈ। ਯੋਗ ਦੌਰਾਨ ਧਿਆਨ ਲਗਾਉਣ ਦੀ ਵਿਧੀ ਮਨ ਨੂੰ ਇਕਾਗਰ ਕਰਦੀ ਹੈ। ਯੋਗਾ ਸਰੀਰ ਦੇ ਨਾਲ-ਨਾਲ ਦਿਮਾਗ ਲਈ ਵੀ ਫਾਇਦੇਮੰਦ ਹੁੰਦਾ ਹੈ। ਆਧੁਨਿਕ ਸਿੱਖਿਆ ਵਿਚ ਵੀ ਯੋਗ ਨੂੰ ਅਹਿਮ ਸਥਾਨ ਦਿੱਤਾ ਗਿਆ ਹੈ ਅਤੇ ਸਕੂਲਾਂ ਕਾਲਜਾਂ ਦੇ ਸਿਲੇਬਸ ਵਿਚ ਵੀ ਇਸ ਨੂੰ ਸ਼ਾਮਲ ਕੀਤਾ ਗਿਆ ਹੈ। ਕੇਂਦਰ ਅਤੇ ਪੰਜਾਬ ਸਰਕਾਰ ਨੇ ਵੀ ਯੋਗ ਨੂੰ ਲੈ ਕੇ ਆਪੋ- ਆਪਣੇ ਪ੍ਰੋਗਰਾਮ ੳਲੀਕੇ ਹਨ।
ਯੋਗਾ ਕਰਨ ਦੇ ਫਾਇਦੇ: ਯੋਗਾ ਇਕ ਅਜਿਹਾ ਸ਼ਬਦ ਹੈ ਜਿਸ ਦੇ ਫਾਇਦੇ ਅਨੇਕ ਹਨ। ਯੋਗ ਅਭਿਆਸ ਦੇ ਵੱਖ-ਵੱਖ ਆਸਨਾਂ ਨਾਲ ਸਰੀਰ ਨੂੰ ਲਚਕੀਲਾ ਅਤੇ ਬਿਮਾਰੀ ਰਹਿਤ ਬਣਾਇਆ ਜਾ ਸਕਦਾ ਹੈ। ਇਸ ਨੂੰ ਪ੍ਰਾਣਾਯਾਮ ਵੀ ਕਿਹਾ ਜਾਂਦਾ ਹੈ। ਅਧਿਆਤਮ ਦੇ ਰਸਤੇ 'ਤੇ ਚੱਲਣ ਲਈ ਯੋਗ ਨੂੰ ਇਕ ਕੜੀ ਮੰਨਿਆ ਜਾਂਦਾ ਹੈ। ਬਹੁਤ ਸਾਰੇ ਧਰਮ ਗੁਰੂ ਵੀ ਯੋਗ ਨੂੰ ਕਰਨ ਦੀ ਹਮਾਇਤ ਕਰਦੇ ਹਨ। ਯੋਗ ਸੰਸਕ੍ਰਿਤ ਦਾ ਸ਼ਬਦ ਹੈ, ਜੋ ਯੁਜ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਇਕੱਠਾ ਕਰਨਾ। ਮਨ ਦੀ ਸ਼ਾਂਤੀ, ਤਣਾਅ ਮੁਕਤ ਜ਼ਿੰਦਗੀ, ਥਕਾਵਟ ਰਹਿਤ, ਨਿਰੋਗ ਸਰੀਰ ਅਤੇ ਭਾਰ ਘਟਾਉਣ ਵਿਚ ਯੋਗ ਸਹਾਈ ਹੁੰਦੇ। ਮਾਹਿਰ ਅਤੇ ਆਯੁਰਵੇਦ ਤਾਂ ਕਹਿੰਦਾ ਹਨ ਕਿ ਜੇਕਰ ਸ਼ੁਰੂ ਤੋਂ ਹੀ ਯੋਗ ਤੁਹਾਡੀ ਜ਼ਿੰਦਗੀ ਦਾ ਹਿੱਸਾ ਰਹੇਗਾ ਤਾਂ ਤੁਹਾਨੂੰ ਕੋਈ ਬਿਮਾਰੀ ਲੱਗੇਗੀ ਹੀ ਨਹੀਂ।