ਚੰਡੀਗੜ੍ਹ:ਜਦੋਂ ਵੀ ਨਾਚ ਦੀ ਗੱਲ ਆਉਂਦੀ ਹੈ ਤਾਂ ਜੋਸ਼ ਅਤੇ ਜਨੂੰਨ ਨਾਲ ਭਰਿਆ ਪੰਜਾਬੀ ਲੋਕ ਨਾਚ ਭੰਗੜਾ ਸਭ ਦੇ ਜ਼ਹਿਨ ਵਿੱਚ ਆਉਂਦਾ ਹੈ। ਭੰਗੜਾ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਸਮੇਂ ਦੀ ਅਹਿਮ ਕੜੀ ਹੈ। ਭੰਗੜੇ ਦੇ ਸਾਜ਼, ਢੋਲ ਦੀ ਤਾਲ ਅਤੇ ਭੰਗੜੇ ਦੀਆਂ ਵੰਨਗੀਆਂ ਸਭ ਦਾ ਦਿਲ ਮੋਹ ਲੈਂਦੀਆਂ ਹਨ। ਪੰਜਾਬੀ ਲੋਕ ਨਾਚਾਂ ਵਿੱਚੋਂ ਜੇਕਰ ਭੰਗੜੇ ਨੂੰ ਮਨਫ਼ੀ ਕਰ ਦਿੱਤਾ ਜਾਵੇ ਤਾਂ ਪੰਜਾਬੀ ਸੱਭਿਆਚਾਰ ਅਧੂਰਾ ਹੈ। ਸਮੇਂ ਦੇ ਫੇਰ ਨੇ ਭੰਗੜੇ ਨੂੰ ਆਧੁਨਿਕਤਾ ਦੀ ਦੌੜ ਪਿੱਛੇ ਲੁਕੋ ਦਿੱਤਾ ਹੈ। ਇਕ ਦੌਰ ਹੁੰਦਾ ਸੀ ਜਦੋਂ ਵਿਆਹ ਭੰਗੜੇ ਅਤੇ ਢੋਲ ਦੇ ਡਗੇ ਤੋਂ ਬਿਨ੍ਹਾਂ ਅਧੂਰੇ ਸਨ ਪਰ ਭੰਗੜਾ ਅਤੇ ਢੋਲ ਨਵੀਂ ਪੀੜੀ ਦੇ ਚਿੱਤ ਚੇਤਿਆਂ ਵਿੱਚ ਹੀ ਨਹੀਂ।
ਕੋਰਿਓਗ੍ਰਾਫੀ ਅਧਾਰਿਤ ਹੋ ਗਿਆ ਹੈ ਭੰਗੜਾ: ਪੁਰਾਤਨ ਸਮੇਂ ਵਿੱਚ ਹਰ ਖੁਸ਼ੀ ਦਾ ਕਾਰਜ ਭੰਗੜੇ ਤੋਂ ਬਿਨਾਂ ਅਧੂਰਾ ਸੀ। ਆਧੁਨਿਕ ਦੌਰ ਵਿੱਚ ਭੰਗੜੇ ਅੰਦਰ ਕਈ ਬਦਲਾਅ ਹੋਏ। ਪਹਿਲਾਂ ਭੰਗੜੇ ਦੀ ਕੋਈ ਕੋਰਿਓਗ੍ਰਾਫੀ ਨਹੀਂ ਹੁੰਦੀ ਸੀ। ਜਦੋਂ ਤੋਂ ਭੰਗੜੇ ਦੇ ਸਟੇਜੀਕਰਨ ਦਾ ਦੌਰ ਸ਼ੁਰੂ ਹੋਇਆ ਉਦੋਂ ਤੋਂ ਭੰਗੜੇ ਦੀ ਕੋਰਿਓਗ੍ਰਾਫੀ ਸ਼ੁਰੂ ਹੋ ਗਈ। ਕੋਰਿਓਗ੍ਰਾਫੀ ਨੇ ਭੰਗੜੇ ਦੇ ਰੂਪ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਭੰਗੜੇ ਦੇ ਪਹਿਰਾਵੇ, ਭੰਗੜੇ ਦੀਆਂ ਤਾਲਾਂ ਅਤੇ ਸਾਜ਼ਾਂ ਦਾ ਵੀ ਆਧੁਨਿਕੀਕਰਨ ਹੋ ਗਿਆ ਹੈ। ਪੁਰਾਣੇ ਸਾਜ ਤਾਂ ਪੂਰੀ ਤਰ੍ਹਾਂ ਅਲੋਪ ਹੀ ਹੋ ਗਏ ਹਨ। ਨਵੀਂ ਪੀੜੀ ਤੱਕ ਭੰਗੜੇ ਦੀ ਮਹੱਤਤਾ ਪਹੁੰਚ ਹੀ ਨਹੀਂ ਸਕੀ। ਆਧੁਨਿਕ ਨਾਚ ਰੀਲਾਂ ਤੱਕ ਸੀਮਤ ਰਹਿ ਗਿਆ ਹੈ ਜੋ ਲੋਕ ਨਾਚਾਂ ਦੀ ਡੂੰਘਾਈ ਤੱਕ ਜਾਣਾ ਹੀ ਨਹੀਂ ਚਾਹੁੰਦੇ। ਭੰਗੜੇ ਦੇ ਵਿੱਚ ਵਰਤੇ ਜਾਂਦੇ ਸਾਜ਼ ਅਲਗੋਜ਼ੇ, ਬੁਗਚੂ, ਚਿਮਟਾ, ਦਿਲਰੁਬਾ, ਢੱਡ, ਢੋਲ, ਗਾਗਰ, ਦੋਤਾਰਾ, ਕਾਟੋ, ਖੜਤਾਲ, ਸੱਪ, ਸਰੰਗੀ ਅਤੇ ਤੂੰਬੀ ਬਹੁਤੇ ਮੌਕਿਆਂ ਤੇ ਅਲੋਪ ਹੀ ਨਜ਼ਰ ਆਉਂਦੇ ਹਨ।
ਭੰਗੜੇ ਦਾ ਇਤਿਹਾਸ ਬਹੁਤ ਪੁਰਾਣਾ:ਭੰਗੜੇ ਦੀ ਸ਼ੁਰੂਆਤ ਪੰਜਾਬ ਵਿੱਚ ਕਦੋਂ ਹੋਈ ਇਸ ਬਾਰੇ ਤਾਂ ਇਤਿਹਾਸ ਵਿੱਚ ਸਮਾਂ ਨਹੀਂ ਦੱਸਿਆ ਗਿਆ ਪਰ ਪੱਛਮੀ ਪੰਜਾਬ ਦੇ ਸ਼ੇਖਪੁਰੇ ਅਤੇ ਸਿਆਲਕੋਟ ਵਿੱਚ ਭੰਗੜਾ ਸਭ ਤੋਂ ਜ਼ਿਆਦਾ ਪ੍ਰਚੱਲਿਤ ਸੀ। ਭੰਗੜਾ ਪਹਿਲਾਂ ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖਪੁਰੇ, ਪੱਛਮੀ ਗੁਜਰਾਤ ਅਤੇ ਸਿਆਲਕੋਟ ਵਿੱਚ ਹੀ ਜ਼ਿਆਦਾ ਪ੍ਰਚੱਲਿਤ ਸੀ। ਵਿਸਾਖੀ ਦੇ ਸਮੇਂ ਕਣਕ ਦੀ ਵਾਢੀ ਨਾਲ ਉਸ ਸਮੇਂ ਲੋਕ ਖੁਸ਼ੀ ਵਿੱਚ ਭੰਗੜਾ ਪਾਉਂਦੇ ਸਨ। ਭੰਗੜੇ ਵਿੱਚ ਢੋਲੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਸੀ। ਲੋਕ ਢੋਲੀ ਦੇ ਦੁਆਲੇ ਘੇਰਾ ਬਣਾ ਲੈਦੇ ਹਨ ਤਾਲ ਦੇ ਉੱਪਰ ਕਦੇ ਮੋਢੇ ਹਿਲਾਉਂਦੇ ਹਨ ਕਦੇ ਗੋਡੇ ਅੱਗੇ ਵਧਾ ਕੇ ਸਰੀਰ ਨੂੰ ਅੱਗੇ ਝੁਕਾਅ ਲੇਂਦੇ ਹਨ ਅਤੇ ਫਿਰ ਸਾਰਾ ਸਰੀਰ ਤਾਲ ਵਿੱਚ ਬੱਝ ਜਾਂਦਾ ਹੈ। ਤਾਲ ਹੌਲੀ - ਹੌਲੀ ਤੇਜ਼ ਹੁੰਦਾ ਜਾਂਦਾ ਹੈ ਜਿਸ ਨਾਲ ਸਰੀਰ ਦੀਆਂ ਅਦਾਵਾਂ ਵੀ ਤੇਜ਼ ਹੁੰਦੀਆਂ ਜਾਂਦੀਆ ਹਨ। ਭੰਗੜੇ ਵਿੱਚ ਤਾਲ ਨਹੀਂ ਟੁੱਟਣੀ ਚਾਹੀਦੀ। ਇਸ ਵਿੱਚ ਢੋਲ ਦੀ ਤਾਲ ਉੱਤੇ ਆਪਣੇ ਸਰੀਰਕ ਕਰੱਤਵ ਵੀ ਵਿਖਾਏ ਜਾਂਦੇ ਹਨ। ਹਾਲਾਂਕਿ ਹੁਣ ਇਹਨਾਂ ਵੰਨਗੀਆਂ ਵਿਚ ਪੂਰੀ ਤਰ੍ਹਾਂ ਤਬਦੀਲੀ ਆ ਗਈ ਹੈ।
ਸਰਕਾਰਾਂ ਨੇ ਭੰਗੜੇ ਨੂੰ ਅਣਗੌਲਿਆਂ ਕੀਤਾ: ਲੋਕ ਨਾਚਾਂ ਦੇ ਕੋਚ ਪ੍ਰਵੇਸ਼ ਕੁਮਾਰ ਭੰਗੜੇ ਦੇ ਬਦਲਦੇ ਰੂਪ ਦੀ ਕਹਾਣੀ ਬਿਆਨ ਕਰਦਿਆਂ ਸਰਕਾਰਾਂ ਤੋਂ ਵੀ ਥੋੜ੍ਹੇ ਨਿਰਾਸ਼ ਨਜ਼ਰ ਆਏ। ਕਿਉਂਕਿ ਭਾਰਤ ਵਿੱਚ ਸਾਰੇ ਸੂਬਿਆਂ ਦੇ ਲੋਕ ਨਾਚਾਂ ਨੂੰ ਸਨਮਾਨਿਤ ਕੀਤਾ ਅਤੇ ਪਦਮਸ਼੍ਰੀ ਪੁਰਸਕਾਰ ਵੀ ਦਿੱਤਾ ਗਿਆ, ਪਰ ਅੱਜ ਤੱਕ ਪੰਜਾਬੀ ਲੋਕ ਨਾਚ ਭੰਗੜੇ ਨੂੰ ਕਦੇ ਵੀ ਪਰਦਮਸ਼੍ਰੀ ਪੁਰਸਕਾਰ ਨਹੀਂ ਮਿਲਿਆ। ਇਸ ਪੱਖ ਤੋਂ ਪੰਜਾਬੀ ਬਹੁਤ ਪਿੱਛੜੇ ਰਹਿ ਗਏ ਹਨ। ਪੰਜਾਬ ਦੇ ਕਈ ਭੰਗੜਾ ਕਲਾਕਾਰ ਬਾਲੀਵੁੱਡ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਗਏ ਪਰ ਭੰਗੜੇ ਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲ ਸਕਿਆ। ਇੰਦਰਾ ਗਾਂਧੀ ਜਦੋਂ ਪ੍ਰਧਾਨ ਮੰਤਰੀ ਹੁੰਦੇ ਸਨ ਤਾਂ ਭੰਗੜੇ ਦੀ ਅਹਿਮੀਅਤ ਨੂੰ ਸਮਝਿਆ ਜਾਂਦਾ ਸੀ ਅਤੇ ਹਰ ਪਰੇਡ ਵਿਚ ਭੰਗੜੇ ਨੂੰ ਸ਼ਾਮਿਲ ਕੀਤਾ ਜਾਂਦਾ ਰਿਹਾ, ਪਰ ਸਮੇਂ ਦੇ ਨਾਲ ਨਾਲ ਭੰਗੜੇ ਦੀ ਲੋਕਪ੍ਰਿਅਤਾ ਅਤੇ ਮਹੱਤਤਾ ਘੱਟਦੀ ਗਈ। ਹੁਣ ਭੰਗੜਾ ਸਿਰਫ਼ ਨੈਸ਼ਨਲ ਯੂਥ ਫੈਸਟੀਵਲ ਤੱਕ ਸੀਮਤ ਹੈ। ਅੰਤਰਰਾਸ਼ਟਰੀ ਪੱਧਰ 'ਤੇ ਭੰਗੜੀ ਦੀ ਤੂਤੀ ਬੋਲਦੀ ਹੈ ਅਤੇ ਵਿਦੇਸ਼ਾਂ ਵਿਚ ਭੰਗੜਾ ਮੁਕਾਬਲੇ ਵੀ ਕਰਵਾਏ ਜਾਂਦੇ ਹਨ।