ਚੰਡੀਗੜ੍ਹ: ਸ਼ਨੀਵਾਰ ਤੋਂ ਪੰਜਾਬ ਪੁਲਿਸ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕਰਨ ਦੇ ਲਈ ਲੱਗੀ ਹੋਈ ਹੈ। ਅਪ੍ਰੇਸ਼ਨ ਅੰਮ੍ਰਿਤਪਾਲ ਚਲਾਇਆ ਜਾ ਰਿਹਾ ਹੈ। ਹਾਲਾਂਕਿ ਅੰਮ੍ਰਿਤਪਾਲ ਸਿੰਘ ਤਾਂ ਪੁਲਿਸ ਅੜਿਕੇ ਨਹੀਂ ਚੜਿਆ ਪਰ ਉਸਦੇ ਸਾਥੀ ਜ਼ਰੂਰ ਇਕ-ਇਕ ਕਰਕੇ ਪੁਲਿਸ ਦੇ ਹੱਥ ਆ ਰਹੇ ਹਨ। ਉਥੇ ਹੀ ਹੁਣ ਇਕ ਇਕ ਕਰਕੇ ਖ਼ੁਫ਼ੀਆ ਏਜੰਸੀਆਂ ਵੱਲੋਂ ਮਿਲ ਰਹੀਆਂ ਸੂਚਨਾਵਾਂ ਤਹਿਤ ਕਈ ਖੁਲਾਸੇ ਕੀਤੇ ਜਾ ਰਹੇ ਹਨ। ਇਹਨਾਂ ਵਿਚ ਹੁਣ ਖੁਲਾਸੇ ਹੋ ਰਹੇ ਹਨ ਕਿ ਗਰਮ ਖ਼ਿਆਲੀ ਸਮਰਥਕ ਅੰਮ੍ਰਿਤਪਾਲ ਸਿੰਘ ਨਸ਼ਾ ਛੁਡਾਊ ਕੇਂਦਰਾਂ ਅਤੇ ਗੁਰਦੁਆਰਿਆਂ ਦੀ ਵਰਤੋਂ ਹਥਿਆਰ ਸਟੋਰ ਕਰਨ ਅਤੇ ਨੌਜਵਾਨਾਂ ਨੂੰ ਆਤਮਘਾਤੀ ਹਮਲਿਆਂ ਲਈ ਤਿਆਰ ਕਰਨ ਲਈ ਕਰ ਰਿਹਾ ਸੀ।
ਮਨੁੱਖੀ ਬੰਬ : ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ ਹੈ। ਇੱਕ ਡੋਜ਼ੀਅਰ (ਇੱਕ ਵਿਅਕਤੀ, ਘਟਨਾ ਜਾਂ ਵਿਸ਼ੇ ਬਾਰੇ ਵਿਸਤ੍ਰਿਤ ਜਾਣਕਾਰੀ ਵਾਲੀ ਇੱਕ ਫਾਈਲ) ਵੱਖ-ਵੱਖ ਸੁਰੱਖਿਆ ਏਜੰਸੀਆਂ ਨਾਲ ਤਿਆਰ ਕੀਤੀ ਜਾਂਦੀ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਿੰਘ ਮੁੱਖ ਤੌਰ 'ਤੇ 'ਖ਼ਾੜਕੂ' ਜਾਂ ਮਨੁੱਖੀ ਬੰਬ ਬਣਾਉਣ ਲਈ ਨੌਜਵਾਨਾਂ ਨੂੰ ਤਿਆਰ ਕਰਨ ਵਿਚ ਸ਼ਾਮਲ ਸੀ। ਸਿੰਘ ਕਥਿਤ ਤੌਰ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਖਾਲਿਸਤਾਨ ਹਮਦਰਦਾਂ ਦੇ ਇਸ਼ਾਰੇ 'ਤੇ ਪਿਛਲੇ ਸਾਲ ਦੁਬਈ ਤੋਂ ਭਾਰਤ ਪਰਤਿਆ ਸੀ।
78 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ:ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਨੂੰ ਉਸ ਦੀ ਜਥੇਬੰਦੀ ‘ਵਾਰਿਸ ਪੰਜਾਬ ਦੀ’ ਵਿਰੁੱਧ ਕੀਤੀ ਗਈ ਕਾਰਵਾਈ ਵਿਚ ਜਥੇਬੰਦੀ ਦੇ 78 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੰਜਾਬ ਦੀ ਸਥਿਤੀ 'ਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਅਤੇ ਅਧਿਕਾਰੀਆਂ ਅਨੁਸਾਰ ਆਪਣੇ ਸਭ ਤੋਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਅੰਮ੍ਰਿਤਪਾਲ ਸਿੰਘ ਵਰਗੇ ਆਪਣੇ ਲੋਕਾਂ ਨੂੰ ਸਰਗਰਮ ਕਰਕੇ ਭਾਰਤ ਤੋਂ ਧਿਆਨ ਹਟਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ :Search Opration Amritpal Live Updates: ਬਾਬਾ ਬਕਾਲਾ ਕੋਰਟ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਪਿਤਾ, ਅੰਮ੍ਰਿਤਪਾਲ ਸਿੰਘ ਦੇ ਦੋ ਹੋਰ ਸਾਥੀ ਗ੍ਰਿਫਤਾਰ
ਗੰਨ ਕਲਚਰ: ਮਾਮਲੇ ਦੀ ਜਾਂਚ ਦੌਰਾਨ ਸਿੰਘ ਵੱਲੋਂ ਸਥਾਪਿਤ ਕੀਤੇ ਗਏ ਏ.ਕੇ.ਐਫ.ਲਈ ਲਿਆਂਦੇ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਵਰਦੀਆਂ ਅਤੇ ਜੈਕਟਾਂ ਵੀ ਜ਼ਬਤ ਕਰ ਲਈਆਂ ਹਨ। ਅੰਮ੍ਰਿਤਪਾਲ ਸਿੰਘ ਦੀ ਕਾਰ ਤੋਂ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਸੀ, ਜਿਸ 'ਤੇ "ਏਕੇਐਫ" ਲਿਖਿਆ ਗਿਆ ਸੀ।ਅਧਿਕਾਰੀਆਂ ਨੇ ਦੱਸਿਆ ਕਿ ‘ਵਾਰਿਸ ਪੰਜਾਬ ਦੇ’ ਵੱਲੋਂ ਚਲਾਏ ਜਾ ਰਹੇ ਕਈ ਨਸ਼ਾ ਛੁਡਾਊ ਕੇਂਦਰਾਂ ਅਤੇ ਅੰਮ੍ਰਿਤਸਰ ਦੇ ਇੱਕ ਗੁਰਦੁਆਰੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਸਟੋਰ ਕੀਤੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖ਼ਲ ਨੌਜਵਾਨਾਂ ਨੂੰ ਗੁੰਮਰਾਹ ਕਰਕੇ ‘ਗੰਨ ਕਲਚਰ’ ਵੱਲ ਧੱਕਿਆ ਗਿਆ।
ਪੁਲਿਸ ਵੱਲੋਂ ਪ੍ਰੈਸ ਕਾਨਫਰੰਸ:ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਦਿਲਾਵਰ ਸਿੰਘ ਦੇ ਰਾਹ 'ਤੇ ਚੱਲਣ ਲਈ ਉਕਸਾਇਆ ਗਿਆ ਸੀ, ਜਿਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਆਤਮਘਾਤੀ ਹਮਲੇ 'ਚ ਮਾਰ ਦਿੱਤਾ ਸੀ। ਫਿਲਹਾਲ ਪੁਲਿਸ ਵੱਲੋਂ ਹਰ ਇਕ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਇਹਨਾਂ ਵਿਚ ਕੀ ਕੁਝ ਸਾਹਮਣੇ ਆਉਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ। ਹੁਣ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾ ਰਹੀ ਹੈ ਜਿਸ ਵਿਚ ਪੁਲਿਸ ਵੱਲੋਂ ਖੁਲਾਸੇ ਕੀਤੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਖਾਲਸਾ ਵਹੀਰ ਲਈ ਪੈਸਿਆਂ ਦੇ ਲੈਣ ਦੇਣ ਦੀ ਗੱਲ ਵੀ ਸਾਹਮਨੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀਆਂ ਸਪੀਚਾਂ ਦੇ ਅਧਾਰ 'ਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਉੱਤੇ ਧਿਆਨ ਨਾ ਦਿੱਤਾ ਜਾਵੇ।