ਚੰਡੀਗੜ੍ਹ: ਖਾਲਿਸਤਾਨ ਪੱਖੀ ਅਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵਲੋਂ ਏਅਰ ਇੰਡੀਆ ਦੇ ਜਹਾਜਾਂ ਨੂੰ ਉਡਾਉਣ ਦੀ ਦਿੱਤੀ ਧਮਕੀ ਤੋਂ ਬਾਅਦ ਭਾਰਤ ਸਰਕਾਰ ਚੌਕਸ ਹੋ ਗਈ ਹੈ। ਇਸ ਨੂੰ ਲੈਕੇ ਭਾਰਤ ਦੇ ਨਾਗਰਿਕ ਹਵਾਬਾਜ਼ੀ ਸੁਰੱਖਿਆ ਬਿਊਰੋ (BCAS) ਨੇ ਸੋਮਵਾਰ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ। ਜਿਸ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। (SFJ Chief Gurpatwant Singh Pannu)
ਦੋਹਰੀ ਸੁਰੱਖਿਆ ਜਾਂਚਾਂ ਵਿੱਚੋਂ ਲੰਘਣਗੇ ਯਾਤਰੀ: ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ - ਏਅਰ ਇੰਡੀਆ ਦੇ ਯਾਤਰੀਆਂ ਨੂੰ 30 ਨਵੰਬਰ ਤੱਕ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਅਤੇ ਪੰਜਾਬ ਦੇ ਸਾਰੇ ਹਵਾਈ ਅੱਡਿਆਂ 'ਤੇ ਦੋਹਰੀ ਸੁਰੱਖਿਆ ਜਾਂਚਾਂ ਵਿੱਚੋਂ ਗੁਜ਼ਰਨਾ ਪਵੇਗਾ। ਜਿਸ ਕਾਰਨ ਯਾਤਰੀਆਂ ਦਾ ਕਾਫੀ ਸਮਾਂ ਬਰਬਾਦ ਹੋਵੇਗਾ ਪਰ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਇਸ ਫੈਸਲੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ।
ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ ਵੱਲੋਂ ਜਾਰੀ ਪੱਤਰ TAEP 'ਤੇ ਲਗਾਈ ਪਾਬੰਦੀ: ਨਾਗਰਿਕ ਹਵਾਬਾਜ਼ੀ ਸੁਰੱਖਿਆ ਬਿਊਰੋ ਨੇ ਕਿਹਾ- ਹਵਾਈ ਅੱਡਿਆਂ, ਹਵਾਈ ਪੱਟੀਆਂ, ਏਅਰਫੀਲਡ, ਏਅਰ ਫੋਰਸ ਸਟੇਸ਼ਨ, ਹੈਲੀਪੈਡ, ਫਲਾਇੰਗ ਸਕੂਲ, ਹਵਾਬਾਜ਼ੀ ਸਿਖਲਾਈ ਸੰਸਥਾਵਾਂ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਏਜੰਸੀਆਂ ਖ਼ਤਰੇ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੀਆਂ ਹਨ। ਦੱਸ ਦਈਏ ਕਿ ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ TAEP (ਟੈਂਪਰੇਰੀ ਏਅਰਪੋਰਟ ਐਂਟਰੀ ਪਾਸ) 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ ਇਸ ਮਹੀਨੇ ਦੀ 30 ਤਰੀਕ ਤੱਕ ਲਾਗੂ ਰਹਿਣਗੇ। ਹਵਾਈ ਅੱਡਿਆਂ 'ਤੇ ਜਾਣ ਲਈ ਟਿਕਟ ਲੈਣੀ ਪੈਂਦੀ ਹੈ। ਜਿਸ ਨੂੰ ਏਅਰਪੋਰਟ ਦੀ ਭਾਸ਼ਾ ਵਿੱਚ TAEP ਪਾਸ ਕਿਹਾ ਜਾਂਦਾ ਹੈ।
ਇੰਦਰਾ ਗਾਂਧੀ ਹਵਾਈ ਅੱਡਾ ਬੰਦ ਕਰਨ ਦੀ ਦਿੱਤੀ ਸੀ ਧਮਕੀ: ਕਾਬਿਲੇਗੌਰ ਹੈ ਕਿ ਖਾਲਿਸਤਾਨ ਪੱਖੀ ਅਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਦੇ ਮੁਖੀ ਪੰਨੂ ਨੇ ਪਿਛਲੇ ਸ਼ਨੀਵਾਰ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ 19 ਨਵੰਬਰ ਨੂੰ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਵਿਸ਼ਵ ਪੱਧਰ 'ਤੇ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਉਡਾਣ ਨਹੀਂ ਭਰਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੰਨੂ ਨੇ 19 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਦ ਕਰਨ ਦੀ ਧਮਕੀ ਵੀ ਦਿੱਤੀ ਸੀ। ਪੰਨੂ ਨੇ ਕਿਹਾ ਕਿ 19 ਨਵੰਬਰ ਉਹੀ ਦਿਨ ਹੈ ਜਿਸ ਦਿਨ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਹੈ।