ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ‘ਜਗਤ ਗੁਰੂ’ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ 6 ਨਵੰਬਰ ਨੂੰ ਬੁਲਾਇਆ ਗਿਆ ਵਿਸ਼ੇਸ਼ ਇਜਲਾਸ 3 ਦਿਨ ਦਾ ਕਰਨ ਦੀ ਮੰਗ ਉਠਾਈ ਹੈ।
ਆਪ’ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਸੋਮਵਾਰ ਨੂੰ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਇਜਲਾਸ ਦੀ ਸਮਾਂ-ਸੀਮਾ ਵਧਾਉਣ ਅਤੇ ਸਦਨ ਦੀ ਕਾਰਵਾਈ ਦਾ ਲਾਇਵ ਟੈਲੀਕਾਸਟ (ਸਿੱਧਾ ਪ੍ਰਸਾਰਨ) ਕਰਨ ਲਈ ਮੰਗ ਪੱਤਰ ਸੌਂਪਿਆ।
ਚੀਮਾ ਨੇ ਕਿਹਾ ਕਿ ਜੋ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ, ਉਸ ਦਾ ਸਮਾਂ-ਸੀਮਾ ਬਹੁਤ ਹੀ ਘੱਟ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼, ਸਿੱਖਿਆਵਾਂ ਅਤੇ ਸਰਬੱਤ ਦਾ ਭਲਾ ਮੰਗਦੀ ਸਰਬ ਸਾਂਝੀ ਸੋਚ ‘ਤੇ ਅਮਲ ਅਜੋਕੇ ਸਮਿਆਂ ‘ਚ ਨਾ ਕੇਵਲ ਨਾਨਕ ਨਾਮ ਲੇਵਾ ਸੰਗਤ ਸਗੋਂ ਪੂਰੀ ਦੁਨੀਆਂ ਲਈ ਹੋਰ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ, ਕਿਉਂਕਿ ਜਿੱਥੇ ਪੂਰਾ ਵਿਸ਼ਵ ਅਸਾਂਤੀ ਅਤੇ ਹਿੰਸਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਗੁਰੂ, ਪਿਤਾ ਅਤੇ ਮਾਤਾ ਦਾ ਉੱਚ ਦਰਜਾ ਪ੍ਰਾਪਤ ਹਵਾ, ਪਾਣੀ ਅਤੇ ਧਰਤੀ ਖਤਰਨਾਕ ਪੱਧਰ ਤੱਕ ਪਲੀਤ ਹੋ ਚੁੱਕੀ ਹੈ ਅਤੇ ਜੀਵਨ ਖਤਰੇ ਵਿੱਚ ਪੈ ਗਿਆ ਹੈ।