ਚੰਡੀਗੜ੍ਹ: ਕੋਵਿਡ 19 ਟੀਕਾਕਰਨ ਸਬੰਧੀ ਕੌਮੀ ਮਾਹਰ ਸਮੂਹ ਵੱਲੋਂ ਦਰਸਾਈ ਗਈ ਤਰਜੀਹ ਅਨੁਸਾਰ ਅਗਲੇ ਪੜਾਅ ਵਿੱਚ 60 ਸਾਲ ਤੋਂ ਵੱਧ ਉਮਰ ਵਿਅਕਤੀਆਂ ਨੂੰ ਟੀਕਾਕਰਨ ਕੀਤਾ ਜਾਵੇਗਾ। ਨਾਲ ਹੀ ਸਹਿ-ਰੋਗਾਂ ਤੋਂ ਪੀੜਤ 45 ਤੋਂ 60 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਵੇਗਾ।ਇਸ ਸਬੰਧ 'ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅਜਿਹੇ ਸਾਰੇ ਨਾਗਰਿਕ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਜਾਂ ਜਿਨ੍ਹਾਂ ਦੀ ਉਮਰ 1 ਜਨਵਰੀ 2022 ਨੂੰ 45 ਤੋਂ 59 ਸਾਲ ਦੀ ਹੋ ਜਾਵੇਗੀ ਅਤੇ ਉਹ ਕਿਸੇ ਸਹਿ ਰੋਗ ਤੋਂ ਪੀੜਤ ਹਨ, ਦਾ ਟੀਕਾਕਰਨ ਕੀਤਾ ਜਾਵੇਗਾ ਜਿਸ ਦੀ ਸਿਫ਼ਾਰਸ਼ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ। ਇਸ ਨੂੰ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵੱਲੋਂ ਪ੍ਰਮਾਣਿਤ ਕੀਤਾ ਜਾਵੇਗਾ।
ਕੋਵਿਨ 2.0 ਪੋਰਟਲ ਲਿਆਂਦਾ ਜਾ ਰਿਹਾ ਹੈ- ਸਿੱਧੂ
ਬਲਬੀਰ ਸਿੱਧੂ ਨੇ ਅੱਗੇ ਕਿਹਾ ਕਿ ਰਜਿਸਟਰਡ ਟੀਕਾਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਅਤੇ ਇਸਨੂੰ ਸੁਖਾਲਾ ਬਣਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕੋਵਿਡ-19 ਟੀਕਾਕਰਨ ਮੁਹਿੰਮ ਦੇ ਪਹਿਲੇ ਪੜਾਅ ਦੇ ਲਾਗੂਕਰਨ ਦੌਰਾਨ ਪ੍ਰਾਪਤ ਫੀਡਬੈਕ ਦੇ ਆਧਾਰ `ਤੇ ਕੋਵਿਨ 2.0 ਪੋਰਟਲ ਲਿਆਂਦਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲਾਭਪਾਤਰੀ ਖੁਦ ਨੂੰ ਕੋਵਿਨ 2.0 ਪੋਰਟਲ ਜਾਂ ਹੋਰ ਆਈ.ਟੀ. ਐਪਲੀਕੇਸ਼ਨਾਂ ਜਿਵੇਂ ਅਰੋਗਿਆ ਸੇਤੂ ਆਦਿ ਰਾਹੀਂ ਟੀਕਾਕਰਨ ਵਾਸਤੇ ਰਜਿਸਟਰ ਕਰ ਸਕਣਗੇ।