ਚੰਡੀਗੜ੍ਹ:ਪੰਜਾਬ ਵਜ਼ਾਰਤ ਵੱਲੋਂ ਕੈਬਨਿਟ ਮੀਟਿੰਗ ਦੌਰਾਨ ਅੱਜ ਜਿੱਥੇ ਕੱਚੇ ਮੁਲਾਜ਼ਮਾਂ ਨੂੰ ਤੋਹਫ਼ਾ ਦਿੱਤਾ ਗਿਆ ਉੱਥੇ ਹੀ ਸੀਐੱਮ ਮਾਨ ਨੇ ਪਿਛਲੇ ਸਮੇਂ ਵਿੱਚ ਆਪ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੀ ਗੁਣਗਾਨ ਕੀਤਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪ੍ਰਦਰਸ਼ਨ ਦੇ ਰਾਹ ਉੱਤੇ ਤੁਰੇ 14 ਹਜ਼ਾਰ ਤੋਂ ਜ਼ਿਆਦਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੀਐੱਮ ਮਾਨ ਨੇ ਕਿਹਾ ਹੈ ਕਿ ਉਹ 13 ਹਜ਼ਾਰ ਤੋਂ ਜ਼ਿਆਦਾ ਅਧਿਆਪਕਾਂ ਨੂੰ ਪਹਿਲਾਂ ਹੀ ਪੱਕੇ ਕਰ ਚੁੱਕੇ ਹਨ।
ਪਲੇਠਾ ਬਜਟ ਸੈਸ਼ਨ:ਦੂਜੇ ਪਾਸੇ ਪੰਜਾਬ ਸਰਕਾਰ ਨੇ ਆਪਣੇ ਪਲੇਠੇ ਬਜਟ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੇਠਾ ਬਜਟ ਸੈਸ਼ਨ 3 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸਾਰਾ ਬਜਟ ਸੈਸ਼ਨ ਇਸ ਪ੍ਰਕਾਰ ਰਹੇਗਾ, 6 ਮਾਰਚ ਨੂੰ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਅਤੇ ਧੰਨਵਾਦ ਦਾ ਮਤਾ, 7 ਮਾਰਚ ਨੂੰ ਗੈਰ-ਸਰਕਾਰੀ ਦਿਨ, 10 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ ਅਤੇ 11 ਮਾਰਚ ਨੂੰ ਬਜਟ 'ਤੇ ਚਰਚਾ ਹੋਵੇਗੀ। ਇਸ ਤੋਂ ਬਾਅਦ ਵਿਧਾਨ ਸਭਾ ਦੀ ਰਸਮੀ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਜੀ-20 ਕਾਨਫਰੰਸ 15,16,17 ਮਾਰਚ ਨੂੰ ਸਿੱਖਿਆ ਬਾਰੇ ਹੈ ਅਤੇ 19,20 ਮਾਰਚ ਨੂੰ ਇਹ ਕਿਰਤ ਬਾਰੇ ਹੈ। 22 ਮਾਰਚ ਨੂੰ ਫਿਰ ਤੋਂ ਬਜਟ ਸੈਸ਼ਨ ਸ਼ੁਰੂ ਹੋਵੇਗਾ ਅਤੇ ਇਸ ਦਰਮਿਆ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਹੈ, ਜਿਸ ਕਾਰਨ ਛੁੱਟੀ ਰਹੇਗੀ। ਇਸ ਤੋਂ ਮਗਰੋਂ 24 ਨੂੰ ਫਿਰ ਤੋਂ ਵਿਧਾਨਿਕ ਕੰਮਕਾਜ ਹੋਵੇਗਾ।