ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਦਾ ਦਰਦ ਛਲਕਦਾ ਹੋਇਆ ਵਿਖਾਈ ਦੇ ਰਿਹਾ ਹੈ। ਕੈਂਸਰ ਦੀ ਬਿਮਾਰੀ ਤੋਂ ਪੀੜਤ ਨਵਜੋਤ ਕੌਰ ਸਿੱਧੂ ਨੇ ਇੱਕ ਟਵੀਟ ਕਰਕੇ ਆਪਣੀ ਕੈਂਸਰ ਦੀ ਬਿਮਾਰੀ ਦਾ ਜ਼ਿਕਰ ਕੀਤਾ ਅਤੇ ਨਵਜੋਤ ਸਿੱਧੂ ਲਈ ਭਾਵੁਕ ਪੋਸਟ ਲਿਖੀ। ਆਪਣੇ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਉਹਨਾਂ ਦੇ ਪਤੀ ਨਵਜੋਤ ਸਿੱਧੂ ਨੂੰ ਵਾਰ ਵਾਰ ਇਨਸਾਫ਼ ਤੋਂ ਵਾਂਝਾ ਰੱਖਿਆ ਜਾਂਦਾ ਹੈ ਅਤੇ ਇਨਸਾਫ਼ ਲਈ ਉਨ੍ਹਾਂ ਨੂੰ ਵਾਰ-ਵਾਰ ਇੰਤਜ਼ਾਰ ਕਰਨਾ ਪੈਂਦਾ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੱਚਾਈ ਇੰਨੀ ਤਾਕਤਵਰ ਹੁੰਦੀ ਹੈ ਕਿ ਵਾਰ-ਵਾਰ ਅਗਨੀ ਪ੍ਰੀਖਿਆ ਲਈ ਜਾਂਦੀ ਹੈ। ਕਲਯੁੱਗ ਹੈ, ਮੁਆਫ਼ ਕਰਨਾ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ। ਕੈਂਸਰ ਦੀ ਦੂਜੀ ਸਟੇਜ ਹੈ ਜੋ ਖ਼ਤਰਨਾਕ ਹੁੰਦਾ ਹੈ। ਦੱਸ ਦਈਏ ਨਵਜੋਤ ਕੌਰ ਸਿੱਧੂ ਛਾਤੀ ਦੇ ਕੈਂਸਰ ਦੀ ਦੂਜੀ ਸਟੇਜ ਤੋਂ ਪੀੜਤ ਹਨ ਜਿਹਨਾਂ ਨੂੰ ਇਲਾਜ ਲਈ ਡੇਰਾ ਬਸੀ ਦੇ ਇੰਡਸ ਹਸਪਤਾਲ ਵਿਚ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਨਵਜੋਤ ਕੌਰ ਸਿੱਧੂ ਦਾ ਆਪ੍ਰੇਸ਼ਨ ਕੀਤਾ ਗਿਆ ਹੈ।
ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਨ ਨਵਜੋਤ ਸਿੱਧੂ: ਦੱਸ ਦਈਏ ਕਿ ਮਈ 2022 ਤੋਂ ਨਵਜੋਤ ਸਿੰਘ ਸਿੱਧੂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਨ। ਰੋਡ ਰੇਜ਼ ਮਾਮਲੇ ਵਿੱਚ ਉਹਨਾਂ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਸੀ। 26 ਜਨਵਰੀ ਵਾਲੇ ਦਿਨ ਉਹਨਾਂ ਦੀ ਰਿਹਾਈ ਦਾ ਐਲਾਨ ਕੀਤਾ ਗਿਆ ਸੀ ਪਰ ਉਹਨਾਂ ਦੀ ਰਿਹਾਈ ਨਹੀਂ ਹੋ ਸਕੀ ਉਸ ਵੇਲੇ ਵੀ ਨਵਜੋਤ ਕੌਰ ਸਿੱਧੂ ਭੜਕਦੇ ਨਜ਼ਰ ਆਏ ਸਨ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਪਹਿਲਾਂ ਸਿੱਧੂ ਨੂੰ ਬਰੀ ਕਰ ਦਿੱਤਾ ਸੀ ਅਤੇ 1,000 ਰੁਪਏ ਦਾ ਜੁਰਮਾਨਾ ਲਗਾਇਆ ਸੀ, ਪਰ ਇਸ ਮਾਮਲੇ 'ਚ ਰੀਵਿਊ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ।
ਅਪ੍ਰੈਲ ਤੱਕ ਨਵਜੋਤ ਸਿੱਧੂ ਨੂੰ ਰਹਿਣਾ ਪੈ ਸਕਦਾ ਹੈ ਜੇਲ੍ਹ 'ਚ: ਨਵਜੋਤ ਸਿੱਧੂ ਪਿਛਲੇ ਸਾਲ ਦੀ 19 ਮਈ ਤੋਂ ਜੇਲ੍ਹ ਵਿੱਚ ਹਨ ਅਤੇ ਕਾਨੂੰਨੀ ਪ੍ਰੀਕਿਰਿਆ ਦੇ ਮੁਤਾਬਿਕ ਉਹਨਾਂ ਨੂੰ 1 ਅਪ੍ਰੈਲ ਤੱਕ ਜੇਲ੍ਹ ਵਿਚ ਰਹਿਣਾ ਪੈ ਸਕਦਾ ਹੈ। ਉਂਝ ਉਹਨਾਂ ਦੀ ਸਜ਼ਾ ਦੀ ਸੀਮਾ 18 ਮਈ ਨੂੰ ਪੂਰੀ ਹੋਣੀ ਹੈ। ਨਿਯਮਾਂ ਮੁਤਾਬਕ ਕੈਦੀਆਂ ਨੂੰ ਮਹੀਨੇ ਵਿੱਚ 4 ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ ਪਰ ਸਿੱਧੂ ਨੇ ਇਸ ਦੌਰਾਨ ਇੱਕ ਦਿਨ ਦੀ ਵੀ ਛੁੱਟੀ ਨਹੀਂ ਲਈ। ਇਸ ਸੰਦਰਭ ਵਿੱਚ ਉਨ੍ਹਾਂ ਦੀ ਸਜ਼ਾ ਮਾਰਚ ਦੇ ਅੰਤ ਤੋਂ 48 ਦਿਨ ਪਹਿਲਾਂ ਪੂਰੀ ਹੋ ਜਾਵੇਗੀ ਅਤੇ ਉਨ੍ਹਾਂ ਨੂੰ 1 ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਸਕਦਾ ਹੈ।