ਸੁਖਪਾਲ ਖਹਿਰਾ, ਕਾਂਗਰਸੀ ਵਿਧਾਇਕ ਚੰਡੀਗੜ੍ਹ:ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ 4 ਮਹੀਨੇ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਹੁਣ ਆਪਣੇ ਸਾਥੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਮਿਲ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਸੀਐੱਮ ਮਾਨ ਦੀ ਸਰਕਾਰ ਨੂੰ ਲੰਮੇਂ ਹੱਥੀਂ ਲਿਆ। ਖਹਿਰਾ ਨੇ ਕਿਹਾ ਕਿ ਜਿਸ ਕੇਸ ਵਿੱਚ ਮੈਨੂੰ ਫਸਾਇਆ ਗਿਆ ਸੀ, ਉਸ ਨਾਲ ਮੇਰਾ ਸਬੰਧ ਸਿਰਫ ਇਹ ਸੀ ਕਿ ਜਦੋਂ ਮੈਨੂੰ ਕੇਸ ਵਿੱਚ ਫਸਾਇਆ ਗਿਆ ਸੀ ਤਾਂ ਉਸ ਕੇਸ ਦੇ ਮੁੱਖ ਮੁਲਜ਼ਮ ਨੇ ਮੈਨੂੰ ਫ਼ੋਨ ਕੀਤਾ ਸੀ, ਜੋ ਮੈਂ ਚੁੱਕਿਆ ਸੀ ਅਤੇ ਸਿਰਫ ਇੰਨੀ ਗਲਤੀ ਲਈ ਉਨ੍ਹਾਂ ਨੇ ਮੈਨੂੰ ਨਸ਼ੇ ਦਾ ਕਿੰਗ ਪਿੰਨ ਬਣਾ ਦਿੱਤਾ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਪੀਏ ਨੂੰ ਵੀ ਐਨਡੀਪੀਐਸ ਕੇਸ ਵਿੱਚ ਫਸਾਇਆ ਗਿਆ ਸੀ ਕਿਉਂਕਿ ਉਸਨੇ ਖਹਿਰਾ ਦੀਆਂ ਫੋਨ ਕਾਲਾਂ ਨੂੰ ਚੁੱਕਿਆ ਸੀ।
ਸਭ ਜਾਣਦੇ ਹਨ ਸੀਐੱਮ ਮਾਨ:ਖਹਿਰਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਕੇਸ ਬਾਰੇ ਸਭ ਪਤਾ ਹੈ ਅਤੇ ਸੀਐੱਮ ਮਾਨ ਖੁੱਦ ਵੀ ਉਨ੍ਹਾਂ ਨੂੰ ਗਲਤ ਕੇਸ ਵਿੱਚ ਫਸਾਏ ਜਾਣ ਦੀ ਵਕਾਲਤ ਕਰਦੇ ਰਹੇ ਨੇ। ਖਹਿਰਾ ਨੇ ਕਿਹਾ ਕਿ ਬਦਲਾਖੋਰੀ ਦੀ ਸਿਖ਼ਰ ਸੀਐੱਮ ਮਾਨ ਨੇ ਸਭ ਕੁੱਝ ਜਾਣਦਿਆਂ ਕੀਤੀ ਹੈ। ਮਾਨ ਨੇ ਇੱਕ ਵੀ ਸ਼ਬਦ ਬਚਾਅ ਵਿੱਚ ਨਹੀਂ ਬੋਲਿਆ, ਉਲਟਾ ਮੈਨੂੰ ਇਸ ਕੇਸ ਵਿੱਚ ਫਸਾਉਣ ਦੀ ਜ਼ੋਰਦਾਰ ਕੋਸ਼ਿਸ਼ ਕੀਤੀ। ਅੱਜ ਮੇਰੀ ਜ਼ਮਾਨਤ ਨੂੰ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਨਾਲ ਸੁਪਰੀਮ ਕੋਰਟ ਵਿੱਚ ਬਹਿਸ ਚੱਲ ਰਹੀ ਹੈ। ਨਾਭਾ ਜੇਲ੍ਹ ਵਿੱਚ ਮੇਰੇ ਕਮਰੇ ਅੰਦਰ ਕੈਮਰਾ ਲਗਾ ਕੇ ਨਿਗਰਾਨੀ ਰੱਖੀ ਜਾ ਰਹੀ ਸੀ। ਇਸ ਦੌਰਾਨ ਮੈਨੂੰ ਨਾ ਤਾਂ ਕਿਸੇ ਨੂੰ ਮਿਲਣ ਦਿੱਤਾ ਗਿਆ ਅਤੇ ਨਾ ਹੀ ਕਿਸੇ ਹੋਰ ਨੂੰ ਮਿਲਣ ਦਿੱਤਾ ਗਿਆ, ਮੈਨੂੰ 4 ਮਹੀਨੇ ਤੱਕ ਇਸੇ ਤਰ੍ਹਾਂ ਰੱਖਿਆ ਗਿਆ। ਜਿਵੇਂ ਹੀ ਮੈਂ ਨਾਭਾ ਜੇਲ੍ਹ ਤੋਂ ਰਿਹਾਅ ਹੋਇਆ, ਰਾਤੋ-ਰਾਤ ਮੇਰੇ ਵਿਰੁੱਧ ਨਵੀਂ ਐਫਆਈਆਰ ਦਰਜ ਕਰ ਦਿੱਤੀ ਗਈ ਅਤੇ ਮੈਨੂੰ ਫਸਾਇਆ ਗਿਆ।
ਕੱਟੜ ਬੇਈਮਾਨ:ਖਹਿਰਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਹਰ ਸੰਭਵ ਤਰੀਕੇ ਨਾਲ ਪੰਜਾਬ ਪੁਲਿਸ ਦੀ ਵਰਤੋਂ ਕਰਕੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰੇ ਖਿਲਾਫ ਜੋ ਗਵਾਹ ਪੇਸ਼ ਕੀਤਾ ਗਿਆ ਸੀ, ਉਹ ਖੁਦ ਅਪਰਾਧੀ ਹੈ। ਭਗਵੰਤ ਮਾਨ ਦੀ ਪੰਜਾਬ ਵਿੱਚ ਸਰਕਾਰ ਪਾਕਿਸਤਾਨ ਵਾਂਗ ਚੱਲ ਰਹੀ ਹੈ। ਜੋ ਕੁਝ ਕੇਂਦਰ ਸਰਕਾਰ ਦਿੱਲੀ ਦੀ 'ਆਪ' ਸਰਕਾਰ ਨਾਲ ਕਰ ਰਹੀ ਹੈ, ਉਹੀ ਮਾਨ ਸਰਕਾਰ ਪੰਜਾਬ 'ਚ ਕਾਂਗਰਸ ਨਾਲ ਕਰ ਰਹੀ ਹੈ। ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਾਉਣ ਵਾਲੇ ਕੇਜਰੀਵਾਲ ਦੇ ਆਗੂ ਪਿਛਲੇ ਸਾਲ ਤੋਂ ਜੇਲ੍ਹ ਵਿੱਚ ਹਨ, ਉਨ੍ਹਾਂ ਖ਼ਿਲਾਫ਼ ਆਬਕਾਰੀ ਨੀਤੀ ਵਿੱਚ 388 ਕਰੋੜ ਰੁਪਏ ਦੀ ਧੋਖਾਧੜੀ ਦਾ ਕੇਸ ਚੱਲ ਰਿਹਾ ਹੈ, ਉਹ ਕਿਹੜੇ ਮੂੰਹ ਨਾਲ ਆਪਣੇ ਆਪ ਨੂੰ ਕੱਟੜ ਇਮਾਨਦਾਰ ਅਤੇ ਸਾਨੂੰ ਬੇਈਮਾਨ ਦੱਸ ਰਹੇ ਹਨ। ਨਾਭਾ ਜੇਲ੍ਹ 'ਚ 50% ਕੈਦੀ ਬੇਕਸੂਰ ਹਨ, ਜੇਲ੍ਹ 'ਚ ਚੱਲ ਰਿਹਾ ਹੈ ਨਸ਼ੇ ਦਾ ਕਾਰੋਬਾਰ, ਨਸ਼ਾ ਛੁਡਾਉਣ ਲਈ ਦਿੱਤੀ ਜਾ ਰਹੀ ਦਵਾਈ ਨਸ਼ਾ ਛੱਡਣ ਲਈ ਵਰਤੀ ਜਾ ਰਹੀ ਹੈ। ਜਦੋਂ ਤੱਕ ਮੇਰੇ ਸਾਹ ਹਨ, ਮੈਂ ਇਨਸਾਫ਼ ਲਈ ਲੜਾਂਗਾ
ਰਾਜਾ ਵੜਿੰਗ ਦਾ ਤੰਜ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਾਡੇ ਵਿਧਾਇਕ ਸੁਖਪਾਲ ਖਹਿਰਾ ਨਾਲ ਮਾਨ ਸਰਕਾਰ ਨੇ ਜੋ ਵੀ ਕੀਤਾ ਹੈ, ਉਸ 'ਤੇ ਕਿਤਾਬ ਲਿਖੀ ਜਾ ਸਕਦੀ ਹੈ। ਸੁੱਖਪਾਸ ਖਹਿਰਾ ਦੇ ਬੇਟੇ ਨੇ ਆਪਣੇ ਪਿਤਾ ਲਈ ਇਨਸਾਫ਼ ਦੀ ਲੜਾਈ ਵਿੱਚ ਵੱਡੀ ਹਿੰਮਤ ਦਿਖਾਈ ਹੈ। ਪੰਜਾਬ ਸਰਕਾਰ ਨੇ ਬਾਦਲਖੋਰੀ ਵਿੱਚ ਆਪਣੀ ਹੱਦ ਹੀ ਪਾਰ ਕਰ ਦਿੱਤੀ ਹੈ। ਕੇਜਰੀਵਾਲ ਜੇਲ੍ਹ ਜਾਣ ਵਾਲੇ ਆਪਣੇ ਨੇਤਾਵਾਂ ਦੀ ਤੁਲਨਾ ਆਜ਼ਾਦੀ ਘੁਲਾਟੀਆਂ ਨਾਲ ਕਰਦੇ ਹਨ ਅਤੇ ਸਾਡੇ ਨੇਤਾਵਾਂ ਨੂੰ ਬੇਈਮਾਨ ਕਹਿੰਦੇ ਹਨ।
ਬਾਜਵਾ ਦਾ ਸੀਐੱਮ ਮਾਨ ਉੱਤੇ ਵਾਰ:ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿੰਨਾ ਚਿਰ ਸੁਖਪਾਲ ਖਹਿਰਾ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਾਲ ਸਨ, ਉਹ ਸਹੀ ਸਨ ਅਤੇ ਕਾਂਗਰਸ ਵਿੱਚ ਸ਼ਾਮਲ ਹੁੰਦੇ ਹੀ ਉਹ ਬੇਈਮਾਨ ਹੋ ਗਏ? ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਰੀ ਉਮਰ ਮੁੱਖ ਮੰਤਰੀ ਨਹੀਂ ਬਣੇ ਰਹਿਣਾ, ਅਸੀਂ ਦਸਵੇਂ ਪਿਤਾ ਦੇ ਪੁੱਤ ਹਾਂ, ਡਰ ਸਾਡੇ ਕੋਲੋਂ ਨਹੀਂ ਲੰਘਦਾ ਅਤੇ ਦੂਜਾ ਆਜ਼ਾਦੀ ਘੁਲਾਟੀਆਂ ਦੀਆਂ ਫੋਟੋਆਂ ਹਟਾ ਕੇ ਜਨਰਲ ਡਾਇਰ ਦੀਆਂ ਫੋਟੋਆਂ ਲਗਾ ਦਿਓ। ਤੁਹਾਡੇ ਦਫ਼ਤਰ ਵਿੱਚ ਡਾਇਰ ਅਤੇ ਅਡੌਲਫ਼ ਹਿਟਲਰ ਹੀ ਸਹੀ ਲੱਗਣਗੇ। ਮੈਂ ਚਾਹਾਂਗਾ ਕਿ ਕਾਂਗਰਸ ਭਵਨ ਦੇ ਬਾਹਰ ਲਾਲ ਰੰਗ ਦੇ ਬਲੈਕ ਬੋਰਡ 'ਤੇ ਪੰਜਾਬ ਦੇ ਭ੍ਰਿਸ਼ਟ ਅਧਿਕਾਰੀਆਂ ਦੇ ਨਾਂ ਲਿਖੇ ਜਾਣ ਤਾਂ ਜੋ ਸਭ ਨੂੰ ਪਤਾ ਲੱਗ ਸਕੇ।