ਚੰਡੀਗੜ੍ਹ: ਪੰਜਾਬ ਸਰਕਾਰ ਅਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਤਲਖੀ ਲਗਤਾਰ ਵੱਧਦੀ ਜਾ ਰਹੀ ਹੈ। ਮੁੱਖ ਮੰਤਰੀ ਅਤੇ ਗਵਰਨਰ ਦੀਆਂ ਇਲਜ਼ਾਮ ਤਰਾਸ਼ੀਆਂ ਤੋਂ ਬਾਅਦ ਹੁਣ 'ਆਪ' ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਘੇਰਿਆ। ਉਹਨਾਂ ਦਾ ਇਲਜ਼ਾਮ ਹੈ ਕਿ ਪੰਜਾਬ ਦਾ ਗਵਰਨਰ ਹੋਣ ਦੇ ਬਾਵਜੂਦ ਬਨਵਾਰੀ ਲਾਲ ਪੁਰੋਹਿਤ ਨੇ ਕਦੇ ਸੂਬੇ ਦੇ ਹਿੱਤ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਿ ਕੇਂਦਰ ਨੇ ਪਿਛਲੇ ਇੱਕ ਸਾਲ ਤੋਂ ਪੰਜਾਬ ਰੂਰਲ ਡਿਵੈਲਪਮੈਂਟ ਅਤੇ ਨੈਸ਼ਨਲ ਸਿਹਤ ਮਿਸ਼ਨ ਦਾ ਫੰਡ ਰੋਕਿਆ ਹੋਇਆ ਹੈ ਅਤੇ ਗਵਰਨਰ ਨੇ ਕਦੇ ਵੀ ਇਸ ਧੱਕੇ ਖ਼ਿਲਾਫ਼ ਆਵਾਜ਼ ਬੁਲੰਦ ਨਹੀਂ ਕੀਤੀ। ਕੇਂਦਰ ਸਰਕਾਰ ਗਵਰਨਰ ਦੇ ਜ਼ਰੀਏ ਪੰਜਾਬ ਦਾ ਹੱਕ ਮਾਰ ਰਹੀ ਹੈ ਅਤੇ ਸੂਬਾ ਸਰਕਾਰ ਦੇ ਕੰਮਾਂ ਵਿੱਚ ਦਖ਼ਲਅੰਦਾਜ਼ੀ ਕਰ ਰਹੀ ਹੈ। ਨਾਲ ਹੀ ਕੰਗ ਨੇ ਗਵਰਨਰ ਨੂੰ ਨਸੀਹਤ ਦਿੱਤੀ ਕਿ ਆਪਣੇ ਅਹੁਦੇ ਦੀ ਗਰਿਮਾ ਬਰਕਰਾਰ ਰੱਖਣ। ਮਾਲਵਿੰਦਰ ਕੰਗ ਨੇ ਵਿਰੋਧੀ ਧਿਰਾਂ ਨੂੰ ਪੰਜਾਬ ਖ਼ਿਲਾਫ਼ ਸਾਜਿਸ਼ਾਂ ਰਚਣ ਲਈ ਵੀ ਜ਼ਿੰਮੇਵਾਰ ਠਹਿਰਾਇਆ।
ਪੰਜਾਬ ਦੇ ਹੀ ਗਵਰਨਰ ਨੂੰ ਬੋਲਣ ਦਾ ਸ਼ੌਂਕ:ਕੰਗ ਨੇ ਪੰਜਾਬ ਦੇ ਗਵਰਨਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਪੰਜਾਬ ਦੇ ਗਵਰਨਰ ਨੂੰ ਪ੍ਰੈਸ ਕਾਨਫਰੰਸ ਕਰਨ ਦਾ ਸ਼ੌਂਕ ਹੈ। ਰਾਜਪਾਲ ਨੇ ਕੇਂਦਰ ਕੋਲ ਪੇਂਡੂ ਵਿਕਾਸ ਫੰਡ ਰੋਕਣ ਦਾ ਮੁੱਦਾ ਕਦੇ ਨਹੀਂ ਚੁੱਕਿਆ, ਨੈਸ਼ਨਲ ਹੈਲਥ ਮਿਸ਼ਨ ਦੇ ਫੰਡ ਬਾਰੇ ਕਦੇ ਗੱਲ ਨਹੀਂ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ ਸ਼ਰੇਆਮ ਗਵਰਨਰ ਨੇ ਹਰਿਆਣਾ ਦਾ ਪੱਖ ਪੂਰਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਰੇਆਮ ਖਿਲਾਫ਼ਤ ਕਰਕੇ ਕਿਹੜੇ ਹੱਕ ਨਾਲ ਪੰਜਾਬ ਦੇ ਗਵਰਨਰ ਸੂਬੇ ਦੇ ਮੁੱਖ ਮੰਤਰੀ ਦੇ ਵਤੀਰੇ ਨੂੰ ਗੈਰ ਸੰਵਿਧਾਨਿਕ ਵਤੀਰਾ ਕਰਾਰ ਦੇ ਰਹੇ ਹਨ। ਭਾਜਪਾ ਸਾਸ਼ਿਤ ਸੂਬਿਆਂ ਦਾ ਕੋਈ ਵੀ ਗਵਰਨਰ ਨਾ ਪ੍ਰੈਸ ਕਾਨਫਰੰਸ ਕਰਦਾ ਹੈ ਅਤੇ ਨਾ ਹੀ ਸਰਕਾਰ ਦੇ ਕੰਮਾਂ ਵਿੱਚ ਅੜਿੱਕਾ ਪਾਉਂਦਾ ਹੈ।
ਗਵਰਨਰ ਅਤੇ ਪੰਜਾਬ ਸਰਕਾਰ ਦੀ ਤਲਖੀ ਸਿਖ਼ਰਾਂ 'ਤੇ, ਹੁਣ ਮਾਲਵਿੰਦਰ ਕੰਗ ਨੇ ਗਵਰਨਰ 'ਤੇ ਕੀਤੇ ਪਲਟਵਾਰ - ਪੰਜਾਬ ਦੀ ਸਿਆਸਤ
ਪੰਜਾਬ ਸਰਕਾਰ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਗਵਰਨਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਪੰਜਾਬ ਦੇ ਗਵਰਨਰ ਨੂੰ ਪ੍ਰੈਸ ਕਾਨਫਰੰਸ ਕਰਨ ਦਾ ਸ਼ੌਂਕ ਹੈ। ਗੁਜਰਾਤ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਫੜਿਆ ਜਾਂਦਾ ਉੱਥੇ ਦਾ ਗਵਰਨਰ ਕਦੇ ਵੀ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਦਾ। ਪੰਜਾਬ ਦੇ ਗਵਰਨਰ ਨੇ ਕਦੇ ਵੀ ਪੰਜਾਬ ਦੇ ਹੱਕ ਵਿੱਚ ਗੱਲ ਨਹੀਂ ਕੀਤੀ।
ਗਵਰਨਰ ਝੂਠ ਬੋਲਦੇ ਹਨ:ਮਾਲਵਿੰਦਰ ਕੰਗ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਸਰਕਾਰ ਬਾਰੇ ਜੋ ਗੱਲਾਂ ਗਵਰਨਰ ਨੇ ਕੀਤੀਆਂ ਉਹ ਨਿਰਅਧਾਰ ਅਤੇ ਬੇਬੁਨਿਆਦ ਹਨ। ਗਵਰਨਰ ਅਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਦੋਵੇਂ ਮਿਲ ਕੇ ਪੰਜਾਬ ਸਰਕਾਰ ਖ਼ਿਲਾਫ਼ ਸਾਜਿਸ਼ਾਂ ਰਚ ਰਹੀਆਂ ਹਨ। ਗਵਰਨਰ ਨੇ ਕਾਊਂਸਲ ਆਫ ਮਿਨੀਸਟਰਸ ਦਾ ਲਿਖਿਆ ਭਾਸ਼ਣ ਨਹੀਂ ਪੜ੍ਹਿਆ ਅਤੇ ਮਾਈ ਗੌਰਮੈਂਟ ਬੋਲਣ ਤੋਂ ਵੀ ਇਨਕਾਰ ਕੀਤਾ ਤਾਂ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਜਾਣ ਦਾ ਹਵਾਲਾ ਦਿੱਤਾ। ਜਿਸ ਤੋਂ ਬਾਅਦ ਗਵਰਨਰ ਨੂੰ ਫਿਰ ਮਾਈ ਗੋਰਮੈਂਟ ਬੋਲਣਾ ਪਿਆ। ਕੰਗ ਨੇ ਇੱਕ ਆਡੀਓ ਵੀਜ਼ੂਅਲ ਕਲਿੱਪ ਵਿਖਾਉਂਦਿਆਂ ਗਵਰਨਰ ਦਾ ਵਿਧਾਨ ਸਭਾ ਵਾਲਾ ਭਾਸ਼ਣ ਵੀ ਸੁਣਾਇਆ।