ਚੰਡੀਗੜ੍ਹ:ਗਰਮੀ ਅਤੇ ਹੁੰਮਸ ਕਾਰਨ ਲੋਕਾਂ ਦੀ ਹਾਲਤ ਬੁਰੀ ਹੁੰਦੀ ਜਾ ਰਹੀ ਹੈ। ਗਰਮੀ ਤੋਂ ਛੁਟਕਾਰਾ ਪਾਉਣ ਲਈ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰ ਰਹੇ ਹਨ। ਇੰਨਾ ਹੀ ਨਹੀਂ ਖੁੱਲ੍ਹੇ ਵਿੱਚ ਵਿਕਣ ਵਾਲੇ ਫਲ ਅਤੇ ਫਾਸਟ ਫੂਡ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਹਸਪਤਾਲਾਂ ਦੀ ਓ.ਪੀ.ਡੀ. ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਮੌਸਮੀ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ, ਕੁੱਝ ਲੋਕ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚ ਰਹੇ ਹਨ, ਤਾਂ ਕੁਝ ਅੱਖਾਂ ਦੇ ਫਲੂ ਅਤੇ ਜ਼ੁਕਾਮ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚ ਰਹੇ ਹਨ। ਅਜਿਹੇ 'ਚ ਸੈਕਟਰ 16 ਹਸਪਤਾਲ ਦੇ ਸਿਹਤ ਡਾਇਰੈਕਟਰ ਸੁਮਨ ਸਿੰਘ ਨੇ ਦੱਸਿਆ ਕਿ ਇਸ ਸਮੇਂ ਹਸਪਤਾਲ 'ਚ ਬਰਸਾਤ ਦੇ ਮੌਸਮ ਵਿੱਚ ਛੂਤ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਲਾਹ ਦਿੱਤੀ ਗਈ ਹੈ। ਮੌਜੂਦਾ ਸਮੇਂ ਵਿੱਚ ਭੋਜਨ ਦੇ ਨਾਲ-ਨਾਲ ਨਿੱਜੀ ਸਫਾਈ ਬਹੁਤ ਜ਼ਰੂਰੀ ਹੈ।
ਹੁੰਮਸ ਕਾਰਨ ਲੋਕਾਂ ਨੂੰ ਹੁੰਦੀਆਂ ਕਈ ਬਿਮਾਰੀਆਂ:ਸੈਕਟਰ 16 ਹਸਪਤਾਲ ਦੇ ਸਿਹਤ ਨਿਰਦੇਸ਼ਕ ਨੇ ਦੱਸਿਆ ਕਿ ਡਾਇਰੀਆ, ਮਲੇਰੀਆ, ਡੇਂਗੂ ਅਤੇ ਫਲੂ ਦੇ ਵਾਇਰਸ ਸਬੰਧੀ ਹਸਪਤਾਲ ਦੀ ਓ.ਪੀ.ਡੀ. ਵਿੱਚ ਮਰੀਜ਼ਾਂ ਨੂੰ ਮਿਲਾਵਟ ਵਾਲੇ ਭੋਜਨ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਬਰਸਾਤ ਦੇ ਮੌਸਮ ਦੌਰਾਨ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਪੋਸਟਰ ਅਤੇ ਬੈਨਰ ਲਗਾਏ ਗਏ ਹਨ। ਇਸ ਤੋਂ ਇਲਾਵਾ ਓ.ਪੀ.ਡੀ. ਵਿੱਚ ਡਾਕਟਰ ਵੀ ਜਾਣਕਾਰੀ ਦੇ ਰਹੇ ਹਨ। ਸਿਹਤ ਨਿਰਦੇਸ਼ਕ ਡਾਕਟਰ ਸੁਮਨ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਉਪਲਬਧ ਹਨ, ਜੋ ਕਿ ਅੱਖਾਂ ਦੇ ਫਲੂ ਦੇ ਮਰੀਜ਼ਾਂ ਦਾ ਵਧੀਆ ਇਲਾਜ ਕਰ ਰਹੇ ਹਨ। ਫਲੂ ਤੋਂ ਬਚਣ ਲਈ ਸਫਾਈ ਵੱਲ ਧਿਆਨ ਦਿਓ, ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਦੀ ਸਥਿਤੀ ਵਿੱਚ ਬੱਚਿਆਂ ਨੂੰ ਸਕੂਲ ਨਾ ਭੇਜੋ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿੱਚ ਅੱਖਾਂ ਦੇ ਫਲੂ ਦੇ ਸੈਂਕੜੇ ਮਰੀਜ਼ ਮਿਲ ਰਹੇ ਹਨ ਅਤੇ ਇਸ ਵਿੱਚ ਵਾਧਾ ਹੋਇਆ ਹੈ।
ਮੀਂਹ ਦੇ ਮੌਸਮ 'ਚ ਘੇਰ ਰਹੀਆਂ ਬਿਮਾਰੀਆਂ, ਸਿਹਤ ਮਾਹਿਰਾਂ ਨੇ ਬਚਣ ਲਈ ਦਿੱਤੇ ਸੁਝਾਅ - ਸਿਹਤ ਡਾਇਰੈਕਟਰ ਸੁਮਨ ਸਿੰਘ
ਬਰਸਾਤ ਦੇ ਮੌਸਮ ਕਾਰਣ ਬਿਮਾਰੀਆਂ ਲੋਕਾਂ ਨੂੰ ਘੇਰ ਰਹੀਆਂ ਨੇ ਅਤੇ ਆਮ ਲੋਕਾਂ ਦੀ ਜ਼ਿੰਦਗੀ ਬਿਮਾਰੀਆਂ ਕਾਰਣ ਬੇਹਾਲ ਹੈ। ਡਾਕਟਰਾਂ ਅਤੇ ਸਿਹਤ ਮਾਹਿਰਾਂ ਨੇ ਚੰਡੀਗੜ੍ਹ ਵਿੱਚ ਲੋਕਾਂ ਨੂੰ ਇਸ ਮੌਸਮ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਖ਼ਾਸ ਸਲਾਹ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਾਫ ਸੁਥਰੇ ਭੋਜਨ ਤੋਂ ਇਲਾਵਾ ਸਰੀਰ ਦੀ ਸਫਾਈ ਇਸ ਮੌਸਮ ਦੌਰਾਨ ਅਤਿ ਜ਼ਰੂਰੀ ਹੈ। (Diseases prevalent in rainy season)
ਆਈ ਫਲੂ ਤੋਂ ਬਚਣ ਲਈ ਕਰੋ ਇਹ ਉਪਾਅ:ਅੱਖਾਂ ਦੇ ਫਲੂ ਜਾਂ ਵਾਇਰਲ ਹੋਣ ਦੀ ਸਥਿਤੀ ਵਿੱਚ ਆਪਣੇ-ਆਪ ਦਵਾਈ ਨਾ ਲਓ ਤੁਰੰਤ ਡਾਕਟਰ ਨੂੰ ਦਿਖਾਓ। ਕੁਝ ਲੋਕ ਅੱਖਾਂ ਦਾ ਫਲੂ ਹੋਣ 'ਤੇ ਆਪਣੇ-ਆਪ ਹੀ ਆਪਣੀਆਂ ਅੱਖਾਂ ਵਿੱਚ ਦਵਾਈ ਪਾ ਦਿੰਦੇ ਹਨ, ਜੋ ਅੱਖਾਂ ਲਈ ਘਾਤਕ ਸਾਬਤ ਹੋ ਸਕਦਾ ਹੈ। ਇਸ ਲਈ ਅੱਖਾਂ ਦੇ ਡਾਕਟਰ ਨੂੰ ਚੈੱਕਅਪ ਕਰਵਾਉਣ ਤੋਂ ਬਾਅਦ ਸਲਾਹ 'ਤੇ ਹੀ ਅੱਖਾਂ 'ਚ ਦਵਾਈ ਪਾਓ। ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ਅਤੇ ਅੱਖਾਂ 'ਤੇ ਠੰਡੇ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਘਰ ਵਾਪਸ ਜਾਓ ਤਾਂ ਸਭ ਤੋਂ ਪਹਿਲਾਂ ਆਪਣੇ ਹੱਥਾਂ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਧੋਵੋ।