ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ 9 ਟੋਲ ਪਲਾਜ਼ਾ ਬੰਦ ਕਰਵਾ ਕੇ ਆਮ ਲੋਕਾਂ ਦੀ ਲੁੱਟ ਰੋਕ ਦਿੱਤੀ ਹੈ। ਇਸ ਕਦਮ ‘ਤੇ ਤਸੱਲੀ ਪ੍ਰਗਟ ਕਰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸੂਬੇ ਦੇ ਲੋਕਾਂ ਹਿੱਤਾਂ ਨੂੰ ਮੁੱਖ ਰੱਖਦਿਆਂ ਇਹ ਟੋਲ ਪਲਾਜ਼ੇ ਬੰਦ ਕੀਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਟੋਲ ਵੀ ਬੰਦ ਕਰਵਾਏ ਜਾਣਗੇ।
9 ਟੋਲ ਪਲਾਜੇ ਕਰਵਾਏ ਗਏ ਬੰਦ :ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਨੇ ਇੱਕ ਵਰ੍ਹੇ ਦੌਰਾਨ ਕੀਰਤਪੁਰ ਸਾਹਿਬ-ਨੰਗਲ-ਊਨਾ 1, ਹੁਸ਼ਿਆਰਪੁਰ-ਟਾਂਡਾ 1, ਲੁਧਿਆਣਾ-ਸੰਗਰੂਰ 2, ਹਾਈਲੈਵਲ ਮੱਖੂ ਬ੍ਰਿਜ 1, ਬਲਾਚੌਰ-ਦਸੂਹਾ (ਬਲਾਚੌਰ-ਗੜਸ਼ੰਕਰ-ਹੁਸ਼ਿਆਰਪੁਰ-ਦਸੂਹਾ) 3 ਅਤੇ ਪਟਿਆਲਾ-ਸਮਾਣਾ-ਪਾਤੜਾਂ 1 ਆਦਿ ਕੁੱਲ 9 ਟੋਲ ਪਲਾਜ਼ੇ ਬੰਦ ਕਰਵਾਏ ਹਨ। ਉਨ੍ਹਾਂ ਕਿਹਾ ਕਿ ਇਹ ਉਹ ਲੋਟੂ ਟੋਲ ਪਲਾਜ਼ੇ ਸਨ ਜੋ ਸਮਝੌਤਿਆਂ ਦੀਆਂ ਸਾਰੀਆਂ ਸ਼ਰਤਾਂ ਤੋਂ ਪਾਸੇ ਜਾ ਕੇ ਲੋਕਾਂ ਦੀ ਲੁੱਟ ਕਰ ਰਹੇ ਸਨ।
ਪੁਰਾਣੀਆਂ ਸਰਕਾਰਾਂ ਨੇ ਪੰਜਾਬ ਲੁੱਟਿਆ: ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰ ਨੇ ਆਪਣੇ ਸਵਾਰਥ ਕਰਕੇ ਡਿਫਾਲਟਰਾਂ ਦੀ ਢਾਲ ਬਣ ਕੇ ਕੰਮ ਕੀਤਾ ਅਤੇ ਟੋਲ ਪਲਾਜ਼ਾ ਕੰਪਨੀਆਂ ਦੀਆਂ ਆਪਹੁਦਰੀਆਂ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਕਿਹਾ ਕਿ ਬੰਦ ਕਰਵਾਏ ਗਏ ਟੋਲ ਪਲਾਜ਼ੇ ਸਮਝੌਤੇ ਤਹਿਤ ਸੇਵਾ ਨਹੀਂ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਸਬੰਧਤ ਪਲਾਜ਼ਿਆਂ ‘ਤੇ ਸਮਝੌਤੇ ਦੇ ਬਾਵਜੂਦ ਐਂਬੂਲੈਂਸ ਅਤੇ ਰਿਕਵਰੀ ਵੈਨ ਦਾ ਕੋਈ ਪ੍ਰਬੰਧ ਨਹੀਂ ਨਹੀਂ ਸੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਟੋਲ ਪਲਾਜ਼ਾ ਕੰਪਨੀਆਂ ਦੀਆਂ ਇਨ੍ਹਾਂ ਬੇਨਿਯਮੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਮੌਜੂਦਾ ਸਰਕਾਰ ਕਿਸੇ ਵੀ ਕਿਸਮ ਦੀ ਲੁੱਟ ਨੂੰ ਬਗੈਰ ਬਰਦਾਸ਼ਤ ਕੀਤੇ ਐਕਸ਼ਨ ਕਰ ਰਹੀ ਹੈ।