ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਸ ਵੇਲੇ ਦੀ ਭਾਰਤ ਸਰਕਾਰ ਨੇ ਸਾਡੇ ਦਿਲਾਂ ਨੂੰ ਡੂੰਘੇ ਜ਼ਖਮ ਦਿੱਤੇ ਹਨ, ਉਹ ਭਰਨੇ ਔਖੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਸਿੱਖ 84 ਭੁੱਲ ਜਾਣ, ਪਰ ਅਜਿਹਾ ਨਹੀਂ ਹੋ ਸਕਦਾ। ਜਥੇਦਾਰ ਨੇ ਕਿਹਾ ਕਿ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ, ਇਸ ਲਈ ਸਾਨੂੰ ਆਪ ਨੂੰ ਮਜ਼ਬੂਤ ਹੋਣ ਦੀ ਲੋੜ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਸ਼ਕਤੀ ਨੂੰ ਇਕੱਠਾ ਕਰਨ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਮਤਭੇਦ ਤੋਂ ਉੱਪਰ ਉੱਠ ਇੱਕ ਮੰਚ ਉੱਤੇ ਇੱਕਠਾ ਹੋਣਾ ਚਾਹੀਦਾ ਹੈ, ਕਿਉਂਕਿ ਸਾਡੀਆਂ ਕੁਝ ਸੰਸਥਾਵਾਂ ਸਰਕਾਰੀ ਹੱਥਾਂ ਵਿੱਚ ਚਲੀਆ ਗਈਆਂ ਹਨ, ਜਿਹਨਾਂ ਨੂੰ ਆਜ਼ਾਦ ਕਰਵਾਉਣਾ ਪਵੇਗਾ।
ਜਥੇਦਾਰ ਨੇ ਸਿੱਖ ਕੌਮ ਨੂੰ ਇੱਕਮੁੱਠ ਹੋਣ ਦਾ ਕੀਤਾ ਇਸ਼ਾਰਾ, ਕਿਹਾ-ਜੇ ਅਸੀਂ ਇਕੱਠੇ ਹੋਏ ਤਾਂ ਸਰਕਾਰ ਨੂੰ ਵੀ ਝੁਕਾ ਦੇਵਾਂਗੇ - ਜੂਨ 1984
ਅੰਮ੍ਰਿਤਸਰ ਵਿੱਚ ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਗਤ ਨੂੰ ਸੰਬੋਧਨ ਦੌਰਾਨ ਇੱਕਜੁੱਟ ਹੋਣ ਦੀ ਅਪੀਲ ਕੀਤੀ। ਜਥੇਦਾਰ ਨੇ ਤਿੱਖੀ ਸ਼ਬਦਾਵਲੀ ਵਰਤਦਿਆਂ ਕਿਹਾ ਕਿ ਜੇਕਰ ਸਿੱਖ ਇਕੱਠੇ ਹੋ ਜਾਣ ਤਾਂ ਉਹ ਕਿਸੇ ਵੀ ਸਰਕਾਰ ਨੂੰ ਝੁਕਾ ਸਕਦੇ ਹਨ।
ਇੱਕਮੁੱਠ ਹੋਣ ਦੀ ਲੋੜ: ਜਥੇਦਾਰ ਨੇ ਕਿਹਾ ਕਿ ਸਾਡੀ ਤਾਕਤ ਘੱਟ ਨਹੀਂ ਹੈ ਪਰ ਸਾਡੀ ਤਾਕਤ ਖਿੱਲਰੀ ਹੋਈ ਹੈ। ਅੱਜ ਇੱਥੇ ਸਾਰਾ ਪੰਥ ਇਕੱਠਾ ਹੋਇਆ ਹੈ, ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਅਸੀਂ ਇਕੱਠੇ ਹੋ ਕੇ ਚੱਲੀਏ ਤਾਂ ਸਰਕਾਰਾਂ ਸਾਨੂੰ ਇਨਸਾਫ ਕਿਉਂ ਨਹੀਂ ਦੇਣਗੀਆਂ। ਜਥੇਦਾਰ ਨੇ ਕਿਹਾ ਕਿ ਜੇਕਰ ਅਸੀਂ ਇਕੱਠੇ ਹੋਵਾਂਗੇ ਤਾਂ ਸਾਨੂੰ ਕਿਸੇ ਤੋਂ ਇਨਸਾਫ਼ ਮੰਗਣ ਦੀ ਲੋੜ ਨਹੀਂ ਪਵੇਗੀ, ਅਸੀਂ ਸਰਕਾਰ ਨੂੰ ਝੁਕਾ ਸਕਦੇ ਹਾਂ ਪਰ ਇਸ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਜੂਨ 1984 ਦੌਰਾਨ ਸਿੱਖ ਕੌਮ ਨਾਲ ਵਾਪਰੇ ਘੱਲੂਘਾਰੇ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਜਥੇਦਾਰ ਨੇ ਕਿਹਾ ਕਿ ਸਿੱਖਾਂ ਲਈ ਉਹ ਜ਼ਖ਼ਮ ਅਭੁੱਲ ਹਨ। ਉਨ੍ਹਾਂ ਕਿਹਾ ਕਿ ਹਰ ਵਾਰ ਸਾਡੀ ਕੌਮ ਦਾ ਬੱਚਾ-ਬੱਚਾ ਜੂਨ 1984 ਘੱਲੂਘਾਰੇ ਦੀ ਯਾਦ ਨੂੰ ਮਨਾਉਂਦਾ ਹੈ ਅਤੇ ਕੌਮੀ ਸੰਕਲਪ ਅਤੇ ਨਿਸ਼ਾਨੇ ਨੂੰ ਦਿਲ ਵਿੱਚ ਪਰਪੱਕ ਕਰਦਾ ਹੈ। ਖ਼ਾਲਸਾ ਜੀ ਇਹ ਕੌਮੀ ਸੰਘਰਸ਼ ਵਿੱਚ ਜਿੱਥੇ ਸਾਡੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਸਿੱਖ ਜਵਾਨੀ ਨੂੰ ਸੁਚੱਜੀ ਸੇਧ ਦਿੰਦੀ ਹੈ। ਉੱਥੇ ਹੀ ਸਿੱਖ ਕੌਮ ਦੀਆਂ ਦੋਖੀ ਤਾਕਤਾਂ ਦਾ ਪੂਰਾ ਜ਼ੋਰ ਸਾਡੀ ਕੌਮ ਦੀ ਜਵਾਨੀ ਨੂੰ ਗੁੰਮਰਾਹ ਕਰਨ ਵਿਚ ਲੱਗਾ ਹੋਇਆ ਹੈ।
ਸੰਤ ਸਿਪਾਹੀ ਬਣਨ ਦੀ ਲੋੜ:ਜਥੇਦਾਰ ਨੇ ਅੱਗੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸ਼ਸਤਰ ਦਿੱਤੇ ਅਤੇ ਸੰਤ ਸਿਪਾਹੀ ਬਣਾਇਆ। ਅੱਜ ਸਾਡੀਆਂ ਦੁਸ਼ਮਣ ਤਾਕਤਾਂ ਸਾਡੀ ਕੌਮ ਦੀ ਜਵਾਨੀ ਨੂੰ ਧਰਮ ਨਾਲੋਂ ਤੋੜ ਕੇ ਗੈਂਗਸਟਰ ਬਣਾ ਰਹੀਆਂ ਹਨ ਹੈ ਤਾਂ ਕੀ ਅਸੀਂ ਭਰਾ ਮਾਰੂ ਜੰਗ ਵਿੱਚ ਉਲਝ ਜਾਈਏ। ਇਹ ਗੱਲ ਦੁਸ਼ਮਣ ਵੀ ਮੰਨਦਾ ਹੈ ਅਤੇ ਜੂਨ 1984 ਵਿੱਚ ਸਿੱਖ ਕੌਮ ਦੇ ਜਾਂਬਾਜ਼ ਸੰਤ ਸਿਪਾਹੀਆਂ ਨੇ ਥੋੜ੍ਹੀ ਗਿਣਤੀ ਵਿੱਚ ਹੁੰਦਿਆਂ ਸੀਮਤ ਹਥਿਆਰਾਂ ਨਾਲ ਦੁਨੀਆਂ ਦੀ ਇੱਕ ਵੱਡੀ ਫ਼ੌਜੀ ਤਾਕਤ ਨੂੰ ਲੋਹੇ ਦੇ ਚਨੇ ਚਬਾ ਦਿੱਤੇ। ਉਨ੍ਹਾਂ ਨੇ ਹਥਿਆਰ ਚੁੱਕੇ ਅਤੇ ਵਰਤੇ ਪਰ ਜ਼ੁਲਮ ਕਰਨ ਲਈ ਨਹੀਂ ਬਲਕਿ ਜ਼ੁਲਮ ਮਿਟਾਉਣ ਦੇ ਲਈ। ਉਨ੍ਹਾਂ ਨੇ ਸ਼ਸਤਰਾਂ ਦੀ ਵਰਤੋਂ ਜ਼ੁਲਮ ਢਾਹੁਣ ਦੇ ਲਈ ਕੀਤੀ ਨਾ ਕਿ ਹਮਲਾ ਕਰਨ ਦੇ ਲਈ। ਸਾਡੀ ਤਾਕਤ ਸੰਤ ਸਿਪਾਹੀ ਵਰਗੀ ਹੋਵੇ ਸਾਡਾ ਵਿਗੜ ਰਿਹਾ ਕਲਚਰ ਸਾਡੀ ਕੌਮ ਲਈ ਹਾਨੀਕਾਰਕ ਹੈ।