ਚੰਡੀਗੜ੍ਹ: ਹਰ ਕੋਈ ਰੋਟੀ ਕਮਾਉਣ ਲਈ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਕੰਮ ਕਰਦਾ ਹੈੈ ਅਤੇ ਉਮੀਦ ਇਹੀ ਕਰਦਾ ਹੈ ਕਿ ਜਿੰਨਾ ਉਹ ਪੈਸਾ ਕਮਾਏਗਾ ਉਹ ਆਪਣੇ ਘਰ ਭੇਜ ਸਕੇਗਾ। ਪਰ ਕੋਰੋਨਾ ਵਾਇਰਸ ਨੇ ਕੰਮ ਦੀ ਰਫਤਾਰ ਉੱਤੇ ਬੇਹਦ ਅਸਰ ਪਾ ਦਿੱਤਾ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਕਰਫਿਊ ਕਾਰਨ ਇਸ ਵਾਰ ਜਿੰਨ੍ਹੇ ਵੀ ਲੋਕ ਵੱਖ-ਵੱਖ ਸੂਬਿਆਂ ਵਿੱਚ ਮਿਹਨਤ ਮਜ਼ਦੂਰੀ ਨਾਲ ਕਮਾਉਂਦੇ ਸੀ ਉਹ ਆਪਣੇ ਘਰ ਪੈਸੇ ਨਹੀਂ ਭੇਜ ਸਕੇ।
ਕੋਰੋਨਾ ਵਾਇਰਸ ਕਾਰਨ ਆਈਸਕ੍ਰੀਮ ਪਾਰਲਰ ਵਾਲਿਆਂ ਦਾ ਕੰਮਕਾਜ ਵੀ ਠੱਪ ਚੰਡੀਗੜ੍ਹ ਵਿੱਚ ਵੀ ਅਜਿਹਾ ਇੱਕ ਤਬਕਾ ਹੈ ਜਿਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਅਸੀਂ ਗੱਲ ਕਰ ਰਹੇ ਆਈਸਕ੍ਰੀਮ ਹੋਲ ਸੈਲਰਾਂ ਦੀ ਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਰੇਹੜੀਆਂ ਲਗਾਉਣ ਵਾਲਿਆਂ ਦੀ। ਆਈਸਕ੍ਰੀਮ ਵੇਚਣ ਵਾਲਿਆਂ ਨੇ ਕਮਾਇਆ ਤਾਂ ਨਹੀਂ, ਪਰ ਹੁਣ ਤੱਕ ਜੋ ਬਚਤ ਕੀਤੀ ਸੀ, ਉਹ ਵੀ ਨਹੀਂ ਬਚੀ ਹੈ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਬਸ ਹੁਣ ਇਹ ਉਮੀਦ ਕਰ ਰਹੇ ਹਨ ਕਿ ਤਾਲਾਬੰਦੀ ਜਲਦ ਤੋਂ ਜਲਦ ਖੁੱਲ੍ਹੇ ਤਾਂ ਜੋ ਉਹ ਆਪਣਾ ਕੰਮ ਕਰ ਸਕਣ।
ਕੋਰੋਨਾ ਵਾਇਰਸ ਨੇ ਕਈ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ, ਕਈ ਵਪਾਰੀ ਪ੍ਰੇਸ਼ਾਨ ਹਨ। ਦੁਕਾਨਾਂ ਬੇਸ਼ੱਕ ਖੋਲ੍ਹ ਦਿੱਤੀ ਗਈਆਂ ਹਨ, ਪਰ ਕਈ ਦੁਕਾਨਾਂ 'ਤੇ ਹਾਲੇ ਵੀ ਪਾਬੰਦੀ ਲਗਾਈ ਗਈ ਹੈ ਜਿਸ ਵਿੱਚ ਆਈਸਕ੍ਰੀਮ ਦੇ ਪਾਰਲਰ ਤੇ ਰੇਹੜੀਆਂ ਹਾਲੇ ਤੱਕ ਬੰਦ ਪਏ ਹਨ। ਆਈਸਕ੍ਰੀਮ ਦੇ ਹੋਲ ਸੇਲਰ ਜਿਹੜੇ ਕਿ ਵੱਖ-ਵੱਖ ਸੂਬਿਆਂ ਤੋਂ ਆਏ ਲੋਕਾਂ ਨੂੰ ਆਈਸਕ੍ਰੀਮ ਦੀ ਰੇਹੜੀਆਂ ਦਿੰਦੇ ਸੀ, ਉਨ੍ਹਾਂ ਨੇ ਈਟੀਵੀ ਭਾਰਤ ਦੇ ਨਾਲ ਖਾਸ ਗੱਲਬਾਤ ਕੀਤੀ।
ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਗੱਡੀਆਂ ਹਨ ਤੇ ਜੋ ਵੀ ਲੋਕ ਉਨ੍ਹਾਂ ਨਾਲ ਕੰਮ ਕਰਦੇ ਹਨ, ਕਰਫਿਊ ਕਰਕੇ ਉਨ੍ਹਾਂ ਦਾ ਸਾਰਾ ਖਰਚਾ ਉਹ ਉਠਾ ਰਹੇ ਹਨ। ਰੋਟੀ ਤੋਂ ਲੈ ਕੇ ਜ਼ਰੂਰੀ ਸਾਮਾਨ ਕੰਮ ਕਰਨ ਵਾਲਿਆਂ ਨੂੰ ਮੁਹੱਈਆਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਈਸਕ੍ਰੀਮ ਦਾ ਇਹ ਸੀਜ਼ਨ ਹੈ, ਪਰ ਕਰਫਿਊ ਕਰਕੇ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਤੇ ਉਸ ਦੀ ਭਰਪਾਈ ਕਦ ਹੋਵੇਗੀ ਉਨ੍ਹਾਂ ਨੂੰ ਨਹੀਂ ਪਤਾ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਪੀੜਤਾਂ ਦੀ ਗਿਣਤੀ 35 ਲੱਖ 80 ਹਜ਼ਾਰ, ਢਾਈ ਲੱਖ ਤੋਂ ਵੱਧ ਮੌਤਾਂ