ਚੰਡੀਗੜ੍ਹ: ਪੰਜਾਬ ਦੀ ਸਿਆਸਤ ਅੰਦਰ ਅਕਸਰ ਵੇਖਿਆ ਜਾਂਦਾ ਸੀ ਕਿ ਜੇਕਰ ਸਰਪੰਚੀ ਪਤਨੀ ਕੋਲ ਹੈ ਤਾਂ ਸਾਰੇ ਸਰਕਾਰੀ ਕੰਮਕਾਜ ਸਰਪੰਚ ਪਤਨੀ ਦੀ ਥਾਂ ਪਤੀ ਕਰਦਾ ਨਜ਼ਰ ਆਉਂਦਾ ਹੈ। ਜਿਸ ਕੋਲ ਸੰਵਿਧਾਨਿਕ ਅਹੁਦਾ ਨਹੀਂ ਅਤੇ ਹੁਣ ਤਾਂ ਮਹਿਲਾ ਵਿਧਾਇਕ ਦੇ ਪਤੀ ਵੀ ਖੁਦ ਨੂੰ ਵਿਧਾਇਕ ਦੀ ਥਾਂ ਖੜ੍ਹਾ ਕਰ ਰਹੇ ਨੇ। ਇਸ ਸਾਰੇ ਮਸਲੇ ਸਬੰਧੀ ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਕਹਿੰਦੇ ਹਨ ਕਿ ਇਹ ਸੋਚ ਸਿਰਫ਼ ਰਾਜਨੀਤੀ ਦੀ ਹੀ ਨਹੀਂ ਬਲਕਿ ਸਮਾਜ ਦੀ ਹੈ। ਪਿਤਾ ਪੁਰਖੀ ਅਤੇ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ਵਿਚ ਅਜੇ ਬਦਲਾਅ ਨਹੀਂ ਆਇਆ। ਨਾ ਤਾਂ ਮਰਦ ਅਤੇ ਨਾ ਹੀ ਔਰਤਾਂ ਪੂਰੀ ਤਰ੍ਹਾਂ ਇਸ ਮਾਨਸਿਕਤਾ ਵਿਚੋਂ ਨਿਕਲ ਸਕੇ ਹਨ। ਉਨ੍ਹਾਂ ਕਿਹਾ ਭਾਵੇਂ ਇਹ ਮਾਮਲਾ ਨਰਿੰਦਰ ਕੌਰ ਭਰਾਜ ਦੇ ਐਮਐਲਏ ਹੋਣ ਕਾਰਨ ਸਾਹਮਣੇ ਆਇਆ ਪਰ ਇਸ ਤੋਂ ਪਹਿਲਾਂ ਪੰਚੀ ਸਰਪੰਚੀ ਵਿੱਚ ਵੀ ਇਹੀ ਕੁਝ ਹੋਇਆ ਹੈ।ਪਤਨੀਆਂ ਸਰਪੰਚ ਹੁੰਦੀਆਂ ਹਨ ਅਤੇ ਉਹਨਾਂ ਦਾ ਕੰਮਕਾਰ ਪਤੀ ਕਰਦੇ ਹਨ ਇਥੋਂ ਤੱਕ ਡਿਪਟੀ ਕਮਿਸ਼ਨਰਾਂ ਨਾਲ ਜੋ ਮੀਟਿੰਗਾਂ ਹੁੰਦੀਆਂ ਹਨ ਉਹ ਵੀ ਅਟੈਂਡ ਕਰਦੇ ਰਹੇ।
ਔਰਤਾਂ ਨੂੰ ਰਿਜ਼ਰਵੇਸ਼ਨ ਮਿਲੀ ਪਰ ਹੱਕ ਨਹੀਂ: ਪ੍ਰੀਤਮ ਸਿੰਘ ਰੁਪਾਲ ਕਹਿੰਦੇ ਹਨ ਕਿ ਰਾਜਨੀਤੀ ਵਿਚ ਔਰਤਾਂ ਨੂੰ ਰਿਜ਼ਰਵੇਸ਼ਨ ਮਿਲੀ ਪਰ ਹੱਕ ਨਹੀਂ। ਉਹਨਾਂ ਕੋਲ ਸਮਾਜ ਵਿੱਚ ਅਤੇ ਆਪਣੇ ਹਲਕੇ ਵਿੱਚ ਵਿਚਰਣ ਦੇ ਸਿੱਧੇ ਹੱਕ ਨਹੀਂ ਅਤੇ ਉਹਨਾਂ ਨੂੰ ਆਪਣੇ ਪਤੀਆਂ ਦੇ ਜ਼ਰੀਏ ਹੀ ਵਿਚਰਨਾ ਪੈ ਰਿਹਾ ਹੈ। ਇਕ ਪੱਖ ਇਹ ਵੀ ਹੈ ਕਿ ਨਰਿੰਦਰ ਕੌਰ ਭਰਾਜ ਜਦੋਂ ਰਾਜਨੀਤੀ ਵਿਚ ਆਏ ਸਨ ਤਾਂ ਉਹ ਵਿਆਹੁਤਾ ਨਹੀਂ ਸਨ। ਉਹਨਾਂ ਤੋਂ ਪਹਿਲਾਂ ਵੀ ਕਈ ਅਜਿਹੀਆਂ ਲੜਕੀਆਂ ਸਨ ਜਿਹਨਾਂ ਦਾ ਰਾਜਨੀਤੀ ਵਿਚ ਆਉਣ ਤੋਂ ਬਾਅਦ ਵਿਆਹ ਹੋਇਆ ਅਤੇ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਤਾਂ ਸਮਾਜਿਕ ਬੰਧਨ ਵਿਚ ਮਰਦ ਪ੍ਰਧਾਨ ਮਾਨਸਿਕਤਾ ਉਹਨਾਂ 'ਤੇ ਭਾਰੀ ਪੈਂਦੀ ਹੈ। ਅਜਿਹੇ ਦੇ ਵਿੱਚ ਪ੍ਰਧਾਨਗੀ ਕੌਣ ਕਰੇ ਮਰਦ ਜਾਂ ਔਰਤ ਅਜਿਹੇ ਮਸਲੇ ਉੱਠਦੇ ਹਨ, ਉਨ੍ਹਾਂ ਕਿਹਾ ਕਈ ਵਾਰ ਇਹ ਵਰਤਾਰਾ ਉਲਟ ਵੀ ਹੁੰਦਾ ਹੈ ਕਈ ਮੰਤਰੀਆਂ ਜਾਂ ਵਿਧਾਇਕਾਂ ਕੋਲ ਸਮਾਂ ਨਹੀਂ ਹੁੰਦਾ ਤਾਂ ਉਹਨਾਂ ਦੀਆਂ ਪਤਨੀਆਂ ਜਾ ਕੇ ਉਦਘਾਟਨ ਕਰਦੀਆਂ ਹਨ।
ਰਾਜਨੀਤੀ 'ਚ ਜਾਣ ਪਛਾਣ ਕਰਾਉਣਾ ਵੀ ਇਕ ਮੁੱਖ ਕਾਰਨ: ਰੁਪਾਲ ਕਹਿੰਦੇ ਹਨ ਕਿ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਸਿਆਸੀ ਆਧਾਰ ਰੱਖਣ ਵਾਲੀਆਂ ਪਤਨੀਆਂ ਜਾਂ ਪਤੀ ਆਪਣੇ ਪਰਿਵਾਰਿਕ ਮੈਂਬਰਾਂ ਦੀ ਸਿਆਸਤ ਵਿਚ ਜਾਣ ਪਛਾਣ ਵਧਾਉਣੇ ਚਾਹੁੰਦੇ ਹਨ ਤਾਂ ਕਿ ਉਹਨਾਂ ਦਾ ਰਾਜਨੀਤਿਕ ਦਾਇਰਾ ਵਧੇ ਤਾਂ ਕਿ ਸਿਆਸਤ ਵਿਚ ਉਹਨਾਂ ਦਾ ਦਬਦਬਾ ਵਧੇ ਅਤੇ ਹੌਲੀ ਹੌਲੀ ਉਹਨਾਂ ਨੂੰ ਚੋਣ ਲੜਾਈ ਜਾ ਸਕੇ ਅਤੇ ਉਹਨਾਂ ਨੂੰ ਟਿਕਟ ਦਿਵਾਈ ਜਾ ਸਕੇ। ਨਰਿੰਦਰ ਕੌਰ ਭਰਾਜ ਵਾਲੇ ਮਾਮਲੇ ਤੋਂ ਵੀ ਅਜਿਹਾ ਹੀ ਪ੍ਰਤੀਤ ਹੁੰਦਾ ਹੈ ਕਿ ਉਹਨਾਂ ਦੇ ਪਤੀ ਰਾਜਨੀਤੀ ਵਿਚ ਆਪਣੀ ਜਾਣ ਪਛਾਣ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਭਾਵੇਂ ਰਾਜਨੀਤੀ ਹੋਵੇ ਜਾਂ ਸਮਾਜ ਦਾ ਦਾਇਰਾ ਇਹ ਰਿਵਾਇਤ ਗਲਤ ਹੈ, ਉਨ੍ਹਾਂ ਕਿਹਾ ਕਿਸੇ ਵੀ ਵਿਅਕਤੀ ਭਾਵੇਂ ਉਹ ਔਰਤ ਹੈ ਜਾਂ ਮਰਦ ਉਹਨਾਂ ਨੂੰ ਆਪਣੀ ਕਾਬਲੀਅਤ ਦੇ ਬਲਬੂਤੇ ਉੱਤੇ ਅੱਗੇ ਆਉਣਾ ਚਾਹੀਦਾ। ਜੇਕਰ ਔਰਤ ਰਾਜਨੀਤੀ ਵਿਚ ਵੱਡੇ ਅਹੁੱਦੇ ਉੱਤੇ ਪਹੁੰਚ ਜਾਂਦੀ ਹੈ ਤਾਂ ਕਈ ਪਰਿਵਾਰ ਦੌਫਾੜ ਹੁੰਦੇ ਵੀ ਦੇਖੇ ਗਏ ਹਨ।