ਡਿਪ੍ਰੈਸ਼ਨ ਸਭ ਤੋਂ ਖਤਰਨਾਕ ਬਿਮਾਰੀ ਚੰਡੀਗੜ੍ਹ: ਅੱਜ ਹਰ ਕੋਈ ਸਫਲਤਾ ਪਾਉਣਾ ਚਾਹੁੰਦਾ ਹੈ ਤੇ ਇਸੇ ਸਫਲਤਾ ਦੀ ਦੌੜ ਵਿੱਚ ਹਰ ਵਰਗ ਦਾ ਇਨਸਾਨ ਲੱਗਾ ਹੋਇਆ ਹੈ। ਇਸੇ ਦੌੜ ਵਿੱਚ ਕਈ ਬਿਮਾਰੀਆਂ ਵੀ ਨਾਲੋਂ ਨਾਲ ਮਿਲ ਰਹੀਆਂ ਹਨ। ਇਹਨਾਂ ਬਿਮਾਰੀਆਂ ਵਿਚ ਡਿਪ੍ਰੈਸ਼ਨ ਸਭ ਤੋਂ ਖਤਰਨਾਕ ਬਿਮਾਰੀ ਹੈ, ਜਿਸ ਨਾਲ ਕਈ ਲੋਕ ਜੂਝ ਰਹੇ ਹਨ। ਪਰ ਇਸ ਬਿਮਾਰੀ ਦੀ ਵਜ੍ਹਾ ਕੀ ਹੈ ਅਤੇ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ, ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਵਲੋਂ ਮਨੋਰੋਗਾਂ ਦੇ ਮਾਹਿਰ ਡਾਕਟਰ ਮੁਨੀਸ਼ ਅਗਰਵਾਲ ਨਾਲ ਖ਼ਾਸ ਤੌਰ ਉੱਤੇ ਗੱਲਬਾਤ ਕੀਤੀ ਗਈ। ਇਸ ਵਿੱਚ ਕਈ ਗੱਲਾਂ ਖੁੱਲ੍ਹ ਕੇ ਸਾਹਮਣੇ ਆਈਆਂ ਹਨ।
ਦਰਅਸਲ, ਅਸੀਂ ਆਪਣੇ ਸਰੀਰ ਬਹੁਤ ਸੰਭਾਲ ਕੇ ਰੱਖਦੇ ਹਾਂ ਅਤੇ ਕੋਈ ਨਿੱਕੀ ਜਿਹੀ ਬਿਮਾਰੀ ਹੋਵੇ ਤਾਂ ਡਾਕਟਰਾਂ ਕੋਲ ਭੱਜੇ ਜਾਂਦੇ ਹਾਂ। ਪਰ ਕੀ ਸਾਨੂੰ ਪਤਾ ਹੈ ਕਿ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ ਅਤੇ ਇਸਨੂੰ ਕਈ ਗੰਭੀਰ ਬਿਮਾਰੀਆਂ ਲੱਗ ਸਕਦੀਆਂ ਹਨ। ਇਨ੍ਹਾਂ ਵਿੱਚੋਂ ਡਿਪਰੈਸ਼ਨ ਵੀ ਇਕ ਬਿਮਾਰੀ ਹੈ। ਡਿਪਰੈਸ਼ਨ ਗੰਭੀਰ ਮਾਨਸਿਕ ਵਿਕਾਰ ਹੈ, ਜਿਸ ਬਾਰੇ ਖੁੱਲ ਕੇ ਚਰਚਾ ਕਰਨਾ ਸਮੇਂ ਦੀ ਲੋੜ ਹੈ। ਇਹ ਵੀ ਸਮਝਣਾ ਪੈਣਾ ਹੈ ਕਿ ਇਸ ਨਾਲ ਕੀ ਖਤਰਾ ਹੋ ਸਕਦਾ ਹੈ।
ਇਹ ਵੀ ਪੜ੍ਹੋ :ਲੋਕ ਸਭਾ ਚੋਣਾ 2024: ਕੀ ਪੰਜਾਬ ਫ਼ਤਿਹ ਕਰਨਾ BJP ਲਈ ਹੈ ਟੇਢੀ ਖੀਰ, ਪੜ੍ਹੋ ਬੀਜੇਪੀ ਨੇ ਵੀ ਬਣਾਈ ਕਿਹੜੀ ਰਣਨੀਤੀ
ਕੰਮ ਵਿੱਚ ਨਹੀਂ ਲੱਗਦਾ ਮਨ: ਇਸ ਬਾਰੇ ਡਾਕਟਰ ਮੁਨੀਸ਼ ਅਗਰਵਾਲ ਨੇ ਕਿਹਾ ਕਿ ਆਮ ਲੋਕਾਂ ਲਈ ਸਾਰੀਆਂ ਬਿਮਾਰੀਆਂ ਡਿਪਰੈਸ਼ਨ ਹੀ ਹੁੰਦੀਆਂ ਹਨ। ਜਦੋਂਕਿ ਮਾਨਸਿਕ ਤੌਰ ਉੱਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ। ਜੇਕਰ ਡਿਪਰੈਸ਼ਨ ਦੀ ਗੱਲ ਕਰੀਏ ਤਾਂ ਇਹ ਇਕ ਤਰ੍ਹਾਂ ਦੀ ਉਦਾਸੀ ਹੈ ਜੋ ਅਸਲ ਵਿੱਚ ਬਿਮਾਰੀ ਹੈ। ਇਸ ਬਿਮਾਰੀ ਵਿੱਚ ਬੰਦੇ ਦਾ ਮਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਦਾਸ ਰਹਿੰਦਾ ਹੈ। ਅਜਿਹਾ ਮਰੀਜ਼ ਹਾਸਾ ਮਜ਼ਾਕ ਕਰਦਾ ਵੀ ਉਦਾਸ ਹੋ ਜਾਂਦਾ ਹੈ। ਸਰੀਰ ਥਕਾਵਟ ਮਹਿਸੂਸ ਕਰਦਾ ਹੈ ਅਤੇ ਛੇਤੀ ਹੀ ਕੰਮ ਤੋਂ ਮਨ ਅੱਕ ਜਾਂਦਾ ਹੈ। ਡਿਪਰੈਸ਼ਨ ਨਾਲ ਗ੍ਰਸਤ ਵਿਅਕਤੀ ਨੂੰ ਅਜਿਹਾ ਲੱਗਦਾ ਹੈ ਕਿ ਉਹ ਕੋਈ ਵੀ ਕੰਮ ਨਹੀਂ ਕਰ ਸਕਦਾ। ਹਰੇਕ ਕੰਮ ਉਸਨੂੰ ਬੋਝ ਲੱਗਦਾ ਹੈ। ਅਜਿਹੇ ਵਿਅਕਤੀ ਨੂੰ ਰੋਜ਼ਾਨਾ ਦੇ ਕੰਮ ਵੀ ਪਹਾੜ ਲੱਗਦੇ ਹਨ। ਇਥੋਂ ਤੱਕ ਕਿ ਅਜਿਹੇ ਵਿਅਕਤੀਆਂ ਨੂੰ ਆਤਮਹੱਤਿਆ ਕਰਨ ਦੇ ਵੀ ਵਿਚਾਰ ਆਉਂਦੇ ਹਨ। ਕਈ ਵਿਅਕਤੀ ਇਹ ਕਦਮ ਚੁੱਕ ਵੀ ਲੈਂਦੇ ਹਨ।
ਕਿਸੇ ਨੂੰ ਵੀ ਹੋ ਸਕਦਾ ਹੈ ਡਿਪਰੈਸ਼ਨ:ਡਾ. ਮੁਨੀਸ਼ ਅਗਰਵਾਲ ਦਾ ਕਹਿਣਾ ਹੈ ਕਿ ਡਿਪਰੈਸ਼ਨ ਕਿਸੇ ਵੀ ਉਮਰ ਵਰਗ ਵਿੱਚ ਹੋ ਸਕਦਾ ਹੈ। ਬੱਚਿਆਂ ਅਤੇ ਵੱਡੇਰੀ ਉਮਰ ਦੇ ਲੋਕਾਂ ਨੂੰ ਵੀ ਡਿਪਰੇਸ਼ਨ ਹੋ ਸਕਦਾ ਹੈ।ਡਿਪਰੈਸ਼ਨ ਕਾਰਨ ਵੀ ਵੱਖੋ-ਵੱਖ ਹੋ ਸਕਦੇ ਹਨ। ਬੱਚਿਆਂ ਵਿਚ ਪੜਾਈ ਦਾ ਵਾਧੂ ਬੋਝ ਵੀ ਡਿਪਰੈਸ਼ਨ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਸਾਥੀ ਬੱਚਿਆਂ ਵੱਲੋਂ ਤੰਗ ਕੀਤੇ ਜਾਣ ਨਾਲ ਵੀ ਬੱਚੇ ਡਿਪਰੈਸ਼ਨ ਵਿੱਚ ਜਾ ਸਕਦੇ ਹਨ। ਇਸ ਤੋਂ ਇਲਾਵਾ ਬੱਚਿਆਂ ਵਿੱਚ ਕੋਈ ਮਾੜੀ ਆਦਤ ਵੀ ਡਿਪਰੈਸ਼ਨ ਦਾ ਕਾਰਨ ਬਣ ਸਕਦੀ ਹੈ। ਦੂਜੇ ਪਾਸੇ ਪਰਿਵਾਰਕ ਝਗੜੇ ਵੀ ਬੱਚਿਆਂ ਵਿੱਚ ਡਿਪਰੈਸ਼ਨ ਪੈਦਾ ਕਰਦੇ ਹਨ।
ਇਹ ਪੈਂਦਾ ਹੈ ਅਸਰ: ਡਾ. ਮੁਨੀਸ਼ ਅਗਰਵਾਲ ਨੇ ਦੱਸਿਆ ਕਿ ਪੜਾਈ ਦਾ ਤਣਾਅ ਲੈ ਕੇ ਬਹੁਤ ਜ਼ਿਆਦਾ ਬੱਚੇ ਡਿਪਰੈਸ਼ਨ ਵਿਚ ਚਲੇ ਜਾਂਦੇ ਹਨ।ਮਾਪੇ ਖਾਸ ਤੌਰ ਧਿਆਨ ਰੱਖਣ ਕਿ ਜੇਕਰ ਬੱਚਾ ਚੁੱਪ-ਚੁੱਪ ਰਹਿੰਦਾ ਹੈ ਜਾਂ ਪਰਿਵਾਰ ਵਿਚ ਵਿਚਾਰਕ ਫ਼ਰਕ ਪੈ ਰਿਹਾ ਹੈ ਤਾਂ ਵੀ ਡਿਪਰੈਸ਼ਨ ਹੋ ਸਕਦਾ ਹੈ। ਇਸ ਤੋ ਇਲਾਵਾ ਜੇਕਰ ਬੱਚਾ ਕਿਸੇ ਨਾਲ ਗੱਲ ਨਹੀਂ ਕਰ ਰਿਹਾ, ਕਿਸੇ ਨਾਲ ਮਿਲਦਾ ਜੁਲਦਾ ਨਹੀਂ, ਖਾਣ ਪੀਣ ਦੀਆਂ ਆਦਤਾਂ ਬਦਲ ਰਿਹਾ ਹੈ, ਠੀਕ ਢੰਗ ਨਾਲ ਸੌਂ ਨਹੀਂ ਪਾ ਰਿਹਾ, ਅਕਸਰ ਉਦਾਸ ਰਹਿੰਦਾ ਹੈ, ਛੋਟੀ-ਛੋਟੀ ਗੱਲ ਉੱਤੇ ਰੋਣ ਲੱਗ ਜਾਂਦਾ ਹੈ ਅਤੇ ਚਿੜਚਿੜਾ ਹੋ ਜਾਂਦਾ ਹੈ ਤਾਂ ਇਹ ਲੱਛਣ ਡਿਪਰੈਸ਼ਨ ਦੇ ਹੋ ਸਕਦੇ ਹਨ। ਕੁਝ ਬੱਚੇ ਤਾਂ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਦਾ ਮਰਨ ਨੂੰ ਜੀਅ ਕਰਦਾ ਹੈ। ਅਜਿਹੇ ਲੱਛਣ ਹੋਣ ਤਾਂ ਬਿਨਾਂ ਦੇਰੀ ਮਨੋਚਿਕਿਤਸਕ ਨਾਲ ਸੰਪਰਕ ਸਾਧਣਾ ਚਾਹੀਦਾ ਹੈ।
ਇਹ ਵੀ ਪੜ੍ਹੋ :ਫਿਰੋਜ਼ਪੁਰ ਦੇ ਜ਼ੀਰਾ ਵਿੱਚ ਧਰਨਾ ਹਾਲੇ ਵੀ ਬਰਕਰਾਰ, ਪੜ੍ਹੋ ਹੁਣ ਕੀ ਕਹਿੰਦੇ ਨੇ ਕਿਸਾਨ ਆਗੂ
ਡਿਪਰੈਸ਼ਨ ਦੇ ਕਾਰਨ ਕੀ ਹਨ:ਡਿਪਰੈਸ਼ਨ ਦੇ ਕਾਰਨਾਂ ਵਿਚੋਂ ਇਕ ਕਾਰਨ ਇਹ ਵੀ ਹੈ ਕਿ ਪਰਿਵਾਰ ਵਿਚ ਪਹਿਲਾਂ ਜੇ ਕਿਸੇ ਨੂੰ ਇਹ ਬਿਮਾਰੀ ਹੈ ਤਾਂ ਉਹ ਅਗਲੀ ਪੀੜੀ ਨੂੰ ਵੀ ਹੋ ਜਾਂਦੀ ਹੈ। ਪਰ ਇਹ ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਇਹ ਬਿਮਾਰੀ ਹੋਵੇ। ਪੀੜ੍ਹੀ ਦਰ ਪੀੜ੍ਹੀ ਡਿਪਰੈਸ਼ਨ ਉਸ ਵਕਤ ਵੀ ਹੁੰਦਾ ਹੈ ਜਦੋਂ ਕੋਈ ਪਰੇਸ਼ਾਨੀ ਵਾਲੀ ਗੱਲ ਹੋਵੇ ਜਾਂ ਕੋਈ ਮਾੜੀ ਘਟਨਾ ਵਾਪਰੀ ਹੋਵੇ। ਨੌਕਰੀ ਜਾਣ ਦੀ ਸੂਰਤ ਵਿੱਚ ਵੀ ਡਿਪਰੈਸ਼ਨ ਹੋ ਸਕਦਾ ਹੈ। ਬੱਚਾ ਪੜਾਈ ਵਿਚੋਂ ਫੇਲ੍ਹ ਹੋ ਜਾਵੇ ਜਾਂ ਕਿਸੇ ਦਾ ਤਲਾਕ ਹੋ ਜਾਵੇ ਤਾਂ ਵੀ ਡਿਪੋਰੈਸ਼ਨ ਹੋ ਸਕਦਾ ਹੈ। ਡਾ. ਅਗਰਵਾਲ ਨੇ ਕਿਹਾ ਕਿ ਹਰ ਰੋਜ਼ ਡਿਪਰੈਸ਼ਨ ਦੇ 10 ਤੋਂ 15 ਮਰੀਜ਼ ਆਉਂਦੇ ਹਨ। ਜੇਕਰ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਲੱਗਭੱਗ 15 ਪ੍ਰਤੀਸ਼ਤ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹਨ। ਡਿਪਰੈਸ਼ਨ ਉੱਤੇ ਬਹੁਤ ਸਾਰੀਆਂ ਸਟੱਡੀਜ਼ ਵੀ ਹੋਈਆਂ ਹਨ, ਜਿਹਨਾਂ ਤੋਂ ਸਾਹਮਣੇ ਆਇਆ ਹੈ ਕਿ 5 ਪ੍ਰਤੀਸ਼ਤ ਤੋਂ ਲੈ ਕੇ 35 ਪ੍ਰਤੀਸ਼ਤ ਤੱਕ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹਨ।
ਡਿਪਰੈਸ਼ਨ ਵਿਚ ਆਤਮ ਹੱਤਿਆ ਦੀ ਦਰ ਵਧੀ :ਮਾਹਿਰਾਂ ਦੀ ਮੰਨੀਏ ਤਾਂ ਇਹਨੀ ਦਿਨੀਂ ਡਿਪ੍ਰੈਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਪਿਛਲੇ ਸਾਲਾਂ ਨਾਲੋਂ ਡਿਪਰੈਸ਼ਨ ਦੇ ਮਰੀਜ਼ਾਂ ਦੀ ਆਤਮਹੱਤਿਆ ਕਰਨ ਦੀ ਦਰ ਵਧੀ ਹੈ। ਜਦੋਂ ਮਰੀਜ਼ ਡੂੰਘੇ ਡਿਪਰੈਸ਼ਨ ਵਿਚ ਹੁੰਦਾ ਹੈ ਉਦੋਂ ਹੀ ਹਮੇਸ਼ਾ ਆਤਮਹੱਤਿਆ ਦਾ ਖ਼ਤਰਾ ਵੱਧਦਾ ਹੈ। ਇਨਾਂ ਆਤਮਹਤਿਆਵਾਂ ਵਿਚ ਆਮ ਘਰਾਂ ਦੇ ਬੱਚਿਆਂ ਤੋਂ ਲੈਕੇ ਵੱਡੇ ਘਰਾਂ ਦੇ ਬੱਚੇ ਤੇ ਨੌਜਵਾਨ ਵੀ ਸ਼ਾਮਿਲ ਹਨ।