ਚੰਡੀਗੜ੍ਹ :ਪੰਜਾਬ ਰਾਜ ਵਿੱਚ ਕੋਵਿਡ 19 ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 41 ਹੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਤਿੰਨ ਮੈਡੀਕਲ ਕਾਲਜ ਦੇ ਟਰਸ਼ਰੀ ਕੇਅਰ ਸੈਂਟਰ ਅਤੇ ਹਸਪਤਾਲਾਂ ਵਿਚ ਇਸ ਬੀਮਾਰੀ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਤਿਆਰੀਆਂ ਕਰ ਲਈਆਂ ਹਨ।
ਇਨ੍ਹਾਂ ਤਿਆਰੀਆਂ ਤਹਿਤ ਸੂਬੇ ਦੇ ਤਿੰਨ ਮੈਡੀਕਲ ਕਾਲਜ ਦੇ ਟਰਸ਼ਰੀ ਕੇਅਰ ਸੈਂਟਰ ਅਤੇ ਹਸਪਤਾਲਾਂ ਵਿਚ 1360 ਬੈਡ ਕੋਵਿਡ 19 ਪੀੜਤ ਮਰੀਜ਼ਾਂ ਦੇ ਇਲਾਜ ਲਈ ਰਾਖਵੇਂ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ 600 ਬੈਡ ਅਤੇ 40 ਵੈਂਟੀਲੇਟਰ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ 180 ਬੈਡ ਅਤੇ 35 ਵੈਂਟੀਲੇਟਰ ਜਦਕਿ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ 580 ਬੈਡ ਅਤੇ 26 ਵੈਂਟੀਲੇਟਰ ਰਾਖਵੇਂ ਰੱਖੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਨੂੰ ਕੋਵਿਡ 19 ਸਬੰਧੀ ਮੈਨੂਅਲ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਹ ਮੈਨੂਅਲ ਕੋਵਿਡ 19 ਤੋਂ ਪੀੜਤ ਮਰੀਜ਼ਾਂ ਦੇ ਇਲਾਜ ਦੋਰਾਨ ਅਪਣਾਈਆਂ ਜਾਣ ਵਾਲੇ ਸਾਰੇ ਨਿਯਮਾਂ ਤੇ ਰੋਸ਼ਨੀ ਪਾਵੇਗਾ ਜਿਵੇਂ ਕਿ ਸ਼ੱਕੀ ਮਰੀਜ਼ਾਂ ਨੂੰ ਕਮਿਊਨਿਟੀ ਸਿਹਤ ਕੇਂਦਰ, ਮੁੜ ਵਸੇਬਾ ਕੇਂਦਰ ਅਤੇ ਟਰਸ਼ਰੀ ਕੇਅਰ ਸੈਂਟਰ ਵਿਖੇ ਕਿਵੇਂ ਲਿਆਉਣ ਹੈ ਆਦਿ।
ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਯੂਨੀਵਰਸਿਟੀ ਨੂੰ ਦਿਨ ਪ੍ਰਤੀ ਦਿਨ ਬੀਮਾਰੀ ਸਬੰਧੀ ਅੰਦਾਜ਼ਾ ਲਗਾਉਣਾ ਦਾ ਵੀ ਕੰਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਟਰਸ਼ਰੀ ਕੇਅਰ ਸੈਂਟਰਾਂ ਵਿੱਚ ਜ਼ਰੂਰਤ ਅਨੁਸਾਰ ਲੋੜੀਂਦਾ ਸਾਜ਼ੋ ਸਾਮਾਨ ਜਿਵੇਂ ਕਿ ਵੈਂਟੀਲੇਟਰ,ਪੀ.ਪੀ .ਈ. ਕਿੱਟ, ਐਨ 95 ਮਾਸਕ ਭਰਪੂਰ ਮਾਤਰਾ ਵਿਚ ਉਪਲਬਧ ਹਨ ਇਸ ਤੋਂ ਇਲਾਵਾ ਮਾਹਿਰ ਅਮਲਾ ਅਤੇ ਟਰੇਨੀ ਵੀ ਮੌਜੂਦ ਹਨ। ਹਰੇਕ ਕਾਲਜ ਵਲੋਂ ਦਿਨ ਦੇ 24 ਲਈ ਡਿਊਟੀ ਰੋਸਟਰ ਲਾਗੂ ਕਰ ਦਿੱਤੇ ਗੲੇ ਹਨ ਇਨ੍ਹਾਂ ਰੋਸਟਰਾਂ ਵਿਚ ਮੈਡੀਸਿਨ, ਐਨਸਥਿਸੀਆ ਅਤੇ ਫੇਫੜਿਆਂ ਸਬੰਧੀ ਡਾਕਟਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।