ਚੰਡੀਗੜ੍ਹ: ਭਾਰਤ ਦੇਸ਼ ਨੂੰ ਆਜ਼ਾਦ ਹਵਾ ਵਿੱਚ ਸਾਹ ਦਿਵਾਉਣ ਦੇ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਮੁਲਕ ਆਜ਼ਾਦ ਹੋਣ ਤੋਂ ਬਾਅਦ ਸੂਬੇ ਅੰਦਰ ਸਿਆਸਤ ਨੇ ਇਹੋ ਜਿਹਾ ਰੰਗ ਫੜ੍ਹਿਆ ਕਿ ਪੰਜਾਬੀਆਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਭਾਰਤ ਦੇਸ਼ ਅੰਦਰ ਉਨ੍ਹਾਂ ਨੂੰ ਕੁਰਬਾਨੀਆਂ ਦੇ ਬਦਲੇ ਬਣਦੇ ਹੱਕ ਨਹੀਂ ਮਿਲੇ ਅਤੇ ਸੂਬੇ ਅੰਦਰ ਵੱਖਰੇ ਦੇਸ਼ ਲਈ ਵੱਖ ਵੱਖ ਮੁੂਵਮੈਂਟਾਂ ਸ਼ੁਰੂ ਹੋਈਆਂ। ਇਸ ਮੂਵਮੈਂਟ ਤਹਿਤ ਖਾਲਿਸਤਾਨ ਦਾ ਨਾਮ ਸਾਹਮਣੇ ਆਇਆ ਅਤੇ ਹੁਣ ਇਸ ਮੁੱਦੇ ਉੱਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਹੈ।
ਕੇਂਦਰ ਦੀ ਨਜ਼ਰ: ਇੱਕ ਨਿਊਜ਼ ਏਜੰਸੀ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਪੁੱਛਿਆ ਗਿਆ ਕਿ ਵਿਦੇਸ਼ ਅਤੇ ਦੇਸ਼ ਦੇ ਅੰਦਰ ਤੋਂ ਇੱਕ ਵਾਰ ਫਿਰ ਤੋਂ ਖਾਲਿਸਤਾਨ ਨੂੰ ਲੈਕੇ ਆਵਾਜ਼ਾ ਉੱਠ ਰਹੀਆਂ ਹਨ ਇਸ ਮੁੱਦੇ ਉੱਤੇ ਕੇਂਦਰ ਸਰਕਾਰ ਦਾ ਕੀ ਪੱਖ ਹੈ, ਜਵਾਬ ਦਿੰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਖਾਲਿਸਤਾਨ ਦੇ ਮਸਲੇ ਨੂੰ ਲੈਕੇ ਸਮੇਂ ਸਮੇਂ ਉੱਤੇ ਆਵਾਜ਼ਾਂ ਉੱਠਦੀਆਂ ਰਹਿੰਦੀਆਂ ਹਨ ਅਤੇ ਇਹ ਵਰਤਾਰਾ ਲੰਮੇਂ ਸਮੇਂ ਤੋ ਚੱਲ ਰਿਹਾ ਹੈ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਖਾਲਿਸਤਾਨ ਨਾਲ ਸਬੰਧਿਤ ਹਰ ਇੱਕ ਗਤੀਵਿਧੀ ਉੱਤੇ ਕੇਂਦਰ ਸਰਕਾਰ ਦੀ ਤਿੱਖੀ ਨਜ਼ਰ ਹੈ।ਉਨ੍ਹਾਂ ਕਿਹਾ ਇਸ ਮਸਲੇ ਨੂੰ ਲੈਕੇ ਦੇਸ਼ ਦੀਆਂ ਤਮਾਮ ਏਜੰਸੀਆਂ ਅਤੇ ਪੰਜਾਬ ਸਰਕਾਰ ਨਾਲ ਕੇਂਦਰ ਸਰਕਾਰ ਦਾ ਰਾਬਤਾ ਕਾਇਮ ਹੈ ਅਤੇ ਉਹ ਮੁੜ ਤੋਂ ਖਾਲਿਸਤਾਨ ਦੇ ਮੁੱਦੇ ਨੂੰ ਪਲਣ ਨਹੀਂ ਦੇਣਗੇ।