ਚੰਡੀਗੜ੍ਹ:ਪੰਜਾਬ ਦੀ ਸਿਆਸਤ ਵਿੱਚ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਅੰਤਿਮ ਅਰਦਾਸ ਕੀਤੀ ਗਈ ਅਤੇ ਭੋਗ ਪਾਏ ਗਏ। ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਤਮਾਮ ਸਿਆਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਦਰਮਿਆਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕਰਨ ਪਹੁੰਚੇ। ਅੰਤਿਮ ਅਰਦਾਸ ਵਿੱਚ ਪਹੁੰਚੇ ਗ੍ਰਹਿ ਮੰਤਰੀ ਨੇ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਰਿਵਾਰ ਨਾਲ ਕੀਤਾ ਦੁੱਖ ਸਾਂਝਾ: ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਸਬੰਧੀ ਟਵੀਟ ਕਰਦਿਆਂ ਅਮਿਤ ਸ਼ਾਹ ਨੇ ਲਿਖਿਆ ਕਿ, 'ਸ੍ਰੀ ਮੁਕਤਸਰ ਸਾਹਿਬ ਪੰਜਾਬ ਤੇ ਭਾਰਤ ਦੀ ਰਾਜਨੀਤੀ ਦੇ ਵਿਕਾਸ ‘ਚ ਸ੍ਰ ਬਾਦਲ ਸਾਹਿਬ ਦੇ ਵਡਮੁੱਲੇ ਯੋਗਦਾਨ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਪੰਜਾਬ ਦੇ ਪਿੰਡ ਬਾਦਲ ਵਿਖੇ ਸਮੁੱਚੇ ਬਾਦਲ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਸ੍ਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਆਦਰਸ਼ ਅਤੇ ਉਨ੍ਹਾਂ ਦੀ ਦੇਸ਼-ਭਗਤੀ ਹਮੇਸ਼ਾ ਸਾਡਾ ਮਾਰਗ-ਦਰਸ਼ਨ ਕਰਦੀ ਰਹੇਗੀ।
ਸ਼ਖ਼ਸੀਅਤ ਉੱਤੇ ਪਾਇਆ ਚਾਨਣਾ:ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸ਼ਖ਼ਸੀਅਤ ਅਤੇ ਸੇਵਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ ਕਿ, 'ਸ੍ਰ. ਪ੍ਰਕਾਸ਼ ਸਿੰਘ ਬਾਦਲ, ਭਾਰਤੀ ਸਿਆਸਤ ਦੀ ਉਹ ਮਹਾਨ ਸਖ਼ਸ਼ੀਅਤ ਸਨ, ਜਿੰਨਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਤੇ ਦੇਸ਼ ਦੀ ਨਿਰਸੁਆਰਥ ਸੇਵਾ ਕੀਤੀ। ਇੱਕ ਮਹਾਨ ਰਾਜਨੇਤਾ ਵਜੋਂ ਉਨਾਂ ਦਾ ਵਿਸ਼ਾਲ ਤਜ਼ਰਬਾ ਹੀ ਉੁਹ ਅਸਲ ਵਿਰਾਸਤ ਹੈ, ਜੋ ਉਹ ਆਪਣੇ ਪਿੱਛੇ ਛੱਡ ਗਏ ਹਨ।
ਭਾਈਚਾਰਕ ਸਾਂਝ ਲਈ ਕੀਤਾ ਕੰਮ: ਇਕੱਠ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਕਮੀ ਨੂੰ ਪੂਰਾ ਕਰਨਾ ਮੁਸ਼ਕਿਲ ਹੈ। ਸਿੱਖਾਂ ਨੇ ਆਪਣਾ ਸਿਪਾਹੀ ਗਵਾਇਆ ਹੈ, ਦੇਸ਼ ਨੇ ਇੱਕ ਦੇਸ਼ਭਗਤ ਗਵਾਇਆ ਹੈ। ਕਿਸਾਨਾਂ ਨੇ ਆਪਣਾ ਸੱਚਾ ਹਮਦਰਦ ਗੁਆ ਲਿਆ ਹੈ। 70 ਸਾਲਾਂ ਦੇ ਸਿਆਸੀ ਜੀਵਨ ਤੋਂ ਬਾਅਦ ਕੋਈ ਵੀ ਦੁਸ਼ਮਣ ਨਾ ਹੋਣਾ ਸੰਭਵ ਨਹੀਂ ਜਾਪਦਾ, ਪਰ ਪ੍ਰਕਾਸ਼ ਸਿੰਘ ਬਾਦਲ ਉਸ ਦੀ ਮਿਸਾਲ ਹਨ। ਅਮਿਤ ਸ਼ਾਹ ਨੇ ਕਿਹਾ ਕਿ ਉਹ ਖੁੱਦ ਪ੍ਰਕਾਸ਼ ਸਿੰਘ ਬਾਦਲ ਨੂੰ ਕਈ ਵਾਰ ਮਿਲੇ ਹਨ ਅਤੇ ਜਦੋਂ ਵੀ ਮਿਲੇ ਕੁਝ ਸਿੱਖਣ ਨੂੰ ਮਿਲਿਆ। ਔਖੇ ਵੇਲੇ ਉਨ੍ਹਾਂ ਦੀ ਸਲਾਹ ਲਈ ਹੈ। ਟੀਮਾਂ ਵੱਖਰੀਆਂ ਸਨ ਪਰ ਉਨ੍ਹਾਂ ਨੇ ਉਹੀ ਸੁਝਾਅ ਦਿੱਤਾ ਜੋ ਮੇਰੀ ਟੀਮ ਲਈ ਵੀ ਸਹੀ ਸੀ। ਅਜਿਹੀ ਪਾਰਦਰਸ਼ਤਾ ਨਾਲ ਕੋਈ ਮਹਾਨ ਵਿਅਕਤੀ ਹੀ ਸੁਝਾਅ ਦੇ ਸਕਦਾ ਹੈ। ਰਿਕਾਰਡ ਦੇ ਆਧਾਰ 'ਤੇ ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਨਵੇਂ ਪੰਜਾਬ ਦੀ ਨੀਂਹ ਰੱਖੀ। ਬਾਦਲ ਪਿੰਡ ਵਿੱਚ ਇੱਕ ਮਸਜਿਦ, ਇੱਕ ਮੰਦਰ ਅਤੇ ਇੱਕ ਗੁਰਦੁਆਰਾ ਮਰਹੂਮ ਬਾਦਲ ਦੁਆਰਾ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ:Prakash Singh Badal: ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਪਹੁੰਚੇ ਵੱਡੇ ਆਗੂ, ਕਿਹਾ- ਉਨ੍ਹਾਂ ਵਰਗਾ ਬਣਨਾ ਸੰਭਵ ਨਹੀਂ