ਚੰਡੀਗੜ੍ਹ ਡੈਸਕ:ਪਹਾੜਾਂ ਵਿੱਚ ਲਗਾਤਾਰ ਭਾਰੀ ਬਰਸਾਤ ਹੋਣ ਦਾ ਸਿਲਸਿਲਾ ਜਾਰੀ ਹੈ ਅਤੇ ਇਸ ਵਾਰ ਇਹ ਬਰਸਾਤ ਪੰਜਾਬ ਲਈ ਕੋਈ ਰਾਹਤ ਨਹੀਂ ਸਗੋਂ ਮੁਸੀਬਤ ਲੈਕੇ ਪਹੁੰਚੀ ਹੈ। ਪਹਾੜਾਂ ਵਿੱਚ ਹੋਈ ਬਰਸਾਤ ਕਰਕੇ ਪਹਿਲਾਂ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਿਆ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਡੈਮਾਂ ਦੇ ਫਲੱਡ ਗੇਟ ਖੋਲ੍ਹ ਦਿੱਤੇ ਅਤੇ ਦਰਿਆਵਾਂ ਵਿੱਚ ਮਣਾ-ਮੂੰਹੀ ਪਾਣੀ ਆ ਗਿਆ। ਇਨ੍ਹਾਂ ਦਰਿਆਵਾਂ ਨੇ ਕੰਢੀ ਇਲਾਕੇ ਦੇ ਨਾਲ-ਨਾਲ ਪੰਜਾਬ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਕਰ ਦਿੱਤੇ ਨੇ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਹਨ।
ਸੁਰੱਖਿਆ ਦੇ ਮੱਦੇਨਜ਼ਰ ਛੁੱਟੀਆਂ:ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਕਰਨ ਦਾ ਐਲਾਨ ਵਿਦਿਆਰਥੀਆਂ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕੀਤਾ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਅਤੇ ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ ਅਤੇ ਇਹ ਐਲਾਨ ਅੱਜ 23 ਅਗਸਤ ਤੋਂ ਹੀ ਲਾਗੂ ਕਰ ਦਿੱਤਾ ਗਿਆ। ਦੱਸ ਦਈਏ ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ 26 ਅਗਸਤ ਤੱਕ ਬੰਦ ਰਹਿਣਗੇ।