ਪੰਜਾਬ

punjab

ETV Bharat / state

ਹਾਈ ਕੋਰਟ ਵੱਲੋਂ ਢਿੱਲਵਾਂ ਕਤਲ ਕੇਸ ਵਿੱਚ ਰੰਧਾਵਾ ਦਾ ਨਾਂ ਨਾਮਜ਼ਦ ਕਰਨ ਦੀ ਪਟੀਸ਼ਨ ਰੱਦ

ਢਿੱਲਵਾਂ ਦੇ ਸਾਬਕਾ ਸਰਪੰਚ ਦੇ ਕਤਲ ਕੇਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ।

High Court rejects petition for nomination of Randhawa in Dhilwan murder case
ਫ਼ੋਟੋ

By

Published : Jan 30, 2020, 11:33 PM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਢਿੱਲਵਾਂ ਦੇ ਸਾਬਕਾ ਸਰਪੰਚ ਦੇ ਕਤਲ ਕੇਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨ ਦੀ ਪਟੀਸ਼ਨ ਨੂੰ ਬਿਨੈਕਰਤਾ ਵੱਲੋਂ ਮੰਤਰੀ ਨੂੰ ਮੀਡੀਆ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਦੱਸਦਿਆਂ ਖਾਰਜ ਕਰ ਦਿੱਤਾ। ਨਾਲ ਹੀ ਇਹ ਕੇਸ ਸੀ.ਬੀ.ਆਈ. ਨੂੰ ਸੌਂਪਣ ਸਬੰਧੀ ਪਟੀਸ਼ਨਕਰਤਾ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਏ.ਜੀ. ਪੰਜਾਬ ਦਫਤਰ ਅਨੁਸਾਰ ਇਸ ਕੇਸ ਵਿਚ ਰੰਧਾਵਾ ਨੂੰ ਫਸਾਉਣ ਲਈ ਅਕਾਲੀਆਂ ਦੇ ਯਤਨਾਂ ਨੂੰ ਅਸਫਲ ਕਰਦਿਆਂ ਹਾਈ ਕੋਰਟ ਨੇ ਮ੍ਰਿਤਕ ਦੇ ਬੇਟੇ ਸੰਦੀਪ ਸਿੰਘ ਦੀ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਕੇਸ ਨੂੰ ਸੁਲਝਾਉਣ ਸਬੰਧੀ ਪੰਜਾਬ ਪੁਲਿਸ ਅਤੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀਆਂ ਕੋਸ਼ਿਸ਼ਾਂ 'ਤੇ ਪੂਰੀ ਸੰਤੁਸ਼ਟੀ ਜ਼ਾਹਰ ਕੀਤੀ। ਕੁਝ ਹਫਤਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੰਧਾਵਾ ਨੂੰ ਗੁੰਡਾਗਰਦੀ ਕਰਨ ਅਤੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨਾਲ ਸਬੰਧਾਂ ਸਮੇਤ ਹੋਰ ਕਈ ਦੋਸ਼ਾਂ ਦੇ ਅਧਾਰ 'ਤੇ ਫਸਾਉਣ ਦੀਆਂ ਘਟੀਆ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਹਾਲਾਂਕਿ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸੀਨੀਅਰ ਸਾਥੀਆਂ ਤੇ ਪਾਰਟੀ ਨੇਤਾਵਾਂ ਦੀ ਹਮਾਇਤ ਪ੍ਰਾਪਤ ਜੇਲ੍ਹ ਮੰਤਰੀ ਨੇ ਠੋਸ ਤੱਥਾਂ ਦੇ ਆਧਾਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਝੂਠਾਂ ਦਾ ਪਰਦਾਫਾਸ਼ ਕਰ ਦਿੱਤਾ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਢਿੱਲਵਾਂ ਕਤਲ ਕੇਸ ਵਿੱਚ ਹਾਈ ਕੋਰਟ ਦੇ ਫੈਸਲੇ ਨੇ ਮੰਤਰੀ ਨੂੰ ਨਿਸ਼ਾਨਾ ਬਣਾਉਣ ਅਤੇ ਝੂਠੇ ਦੋਸ਼ਾਂ ਰਾਹੀਂ ਉਨ੍ਹਾਂ ਦੀ ਬਦਨਾਮੀ ਕਰਨ ਸਬੰਧੀ ਅਕਾਲੀਆਂ ਦੀਆਂ ਚਾਲਾਂ ਦਾ ਪਰਦਾਫਾਸ਼ ਕੀਤਾ ਹੈ। ਪਟੀਸ਼ਨਕਰਤਾ ਸੰਦੀਪ ਸਿੰਘ ਨੇ ਹਾਈ ਕੋਰਟ ਵਿੱਚ ਦਾਇਰ ਕੀਤੀ ਆਪਣੀ ਪਟੀਸ਼ਨ ਵਿੱਚ ਆਪਣੀ ਜਾਨ, ਆਜ਼ਾਦੀ ਤੇ ਜਾਇਦਾਦ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਸੀ। ਉਸ ਨੇ ਇਸ ਜਾਂਚ ਨੂੰ ਸੀਬੀਆਈ ਨੂੰ ਸੌਂਪਣ ਦੀ ਮੰਗ ਵੀ ਕੀਤੀ। ਇਸ ਦਾ ਕਾਰਨ ਉਸ ਨੇ ਇਹ ਦੱਸਿਆ ਕਿ ਸਥਾਨਕ ਪੁਲਿਸ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਨਿਰਪੱਖ ਜਾਂਚ ਸਿਰਫ ਇੱਕ ਸੁਤੰਤਰ ਏਜੰਸੀ ਦੁਆਰਾ ਹੀ ਸੰਭਵ ਹੋ ਸਕੇਗੀ ਕਿਉਂਕਿ ਉਸ ਨੇ ਸ਼ੱਕ ਜਾਹਰ ਕੀਤਾ ਕਿ ਇਸ ਕਤਲ ਪਿੱਛੇ ਰੰਧਾਵਾ ਦਾ ਹੱਥ ਹੈ। ਦਫ਼ਤਰ ਐਡਵੋਕੇਟ ਜਨਰਲ, ਪੰਜਾਬ ਅਨੁਸਾਰ ਪਟੀਸ਼ਨਕਰਤਾ ਵੱਲੋਂ ਕੇਸ ਤਬਦੀਲ ਕਰਨ ਦੀ ਮੰਗ ਨੂੰ ਸਪੱਸ਼ਟ ਤੌਰ 'ਤੇ ਖਾਰਜ ਕਰਦਿਆਂ ਜਸਟਿਸ ਰਮਿੰਦਰ ਜੈਨ ਦੇ ਸਿੰਗਲ ਬੈਂਚ ਨੇ ਇਹ ਪਾਇਆ ਕਿ ਪਟੀਸ਼ਨਕਰਤਾ ਪੂਰੇ ਕੇਸ ਰਾਹੀਂ ਮੀਡੀਆ ਵਿੱਚ ਮੰਤਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਅਦਾਲਤ ਇਸ ਦੀ ਇਜਾਜ਼ਤ ਨਹੀਂ ਦੇਵੇਗੀ।

ਸਰਕਾਰੀ ਸੂਤਰਾਂ ਨੇ ਅੱਗੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਦਾਇਰ ਹਲਫਨਾਮੇ ਦੇ ਅਧਾਰ 'ਤੇ ਏ.ਜੀ. ਪੰਜਾਬ ਦਫ਼ਤਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਸ ਕੇਸ ਵਿੱਚ ਪਹਿਲਾਂ ਹੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ 29 ਜਨਵਰੀ, 2020 ਨੂੰ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਮਾਮਲੇ ਦੀ ਤੇਜ਼ੀ ਅਤੇ ਡੂੰਘਾਈ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਡੀ.ਜੀ.ਪੀ. ਵੱਲੋਂ ਬਾਰਡਰ ਰੇਂਜ ਦੇ ਆਈ.ਜੀ.ਪੀ. ਐਸ.ਪੀ.ਐਸ. ਪਰਮਾਰ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ।

ABOUT THE AUTHOR

...view details