ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਵਿੱਚ ਚੇਨ ਖੋਹਣ ਦੀਆਂ ਵੱਧ ਰਹੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਚੇਨ ਖੋਹਣ ਵਾਲਿਆਂ ਦੇ ਡਰ ਕਾਰਨ ਲੋਕ ਖਾਸਕਰ ਔਰਤਾਂ ਅਤੇ ਬੱਚੇ ਸ਼ਾਮ ਸਮੇਂ ਅਤੇ ਰਾਤ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ। ਅਜਿਹੇ ਅਪਰਾਧੀਆਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਮ ਲੋਕਾਂ ਦਾ ਉਨ੍ਹਾਂ ਦੇ ਪ੍ਰਤੀ ਡਰ ਘੱਟ ਕੀਤਾ ਜਾ ਸਕੇ।
ਹਾਈ ਕੋਰਟ ਵੱਲੋਂ ਚੇਨ ਖੋਹਣ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਖ਼ਾਰਜ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੇਨ ਖੋਹਣ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਨੂੰ ਇਹ ਕਹਿੰਦਿਆਂ ਖਾਰਜ਼ ਕਰ ਦਿੱਤਾ ਹੈ ਕਿ ਜੇਕਰ ਅਪਰਾਧਿਕ ਰੁਝਾਨ ਵਾਲੇ ਲੋਕਾਂ ਪ੍ਰਤੀ ਨਰਮੀ ਵਰਤੀ ਗਈ ਤਾਂ ਲੋਕ ਨਿਆਂਪਾਲਿਕਾ ਵਿੱਚ ਵਿਸ਼ਵਾਸ ਗੁਆ ਦੇਣਗੇ।
ਅਪਰਾਧਿਕ ਰੁਝਾਨ ਵਾਲੇ ਲੋਕਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ : ਹਾਈਕੋਰਟ
ਹਾਈ ਕੋਰਟ ਨੇ ਕਿਹਾ ਕਿ ਅਜਿਹੇ ਅਪਰਾਧੀਆਂ ਨਾਲ ਜੇਕਰ ਅਦਾਲਤਾਂ ਨਰਮੀ ਵਰਤਣਾ ਸ਼ੁਰੂ ਕਰ ਦੇਣ ਤਾਂ ਆਮ ਲੋਕ ਨਿਆਂਪ੍ਰਣਾਲੀ ਤੋਂ ਵਿਸ਼ਵਾਸ ਗੁਆ ਦੇਣਗੇ। ਬੁੜੈਲ ਵਿੱਚ ਜਿੱਥੇ ਇਸ ਮੁਲਜ਼ਮ ਨੇ ਉਸ ਦੇ ਸਾਥੀਆਂ ਸਮੇਤ ਦੇਰ ਰਾਤ ਕੁੱਝ ਨੌਜਵਾਨਾਂ ਤੋਂ ਲੁੱਟ-ਖੋਹ ਕੀਤੀ ਸੀ, ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਘਟਨਾ ਦੇ ਪੀੜਤਾਂ ਵੱਲੋਂ ਮੁਲਜ਼ਮਾਂ ਦੀ ਪਹਿਚਾਣ ਵੀ ਕਰ ਲਈ ਗਈ ਹੈ ਅਤੇ ਉਸ ਤੋਂ ਲੁੱਟ ਦੀਆਂ ਚੀਜ਼ਾਂ ਵੀ ਜ਼ਬਤ ਕੀਤੀਆਂ ਗਈਆਂ ਹਨ।