ਚੰਡੀਗੜ੍ਹ:ਪੰਜਾਬ ਹਰਿਆਣਾ ਹਾਈਕੋਰਟ (Punjab Haryana High Court) ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ‘ਆਪ’ ਅਤੇ ਭਾਜਪਾ ਦੇ ਕਈ ਵੱਡੇ ਆਗੂਆਂ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਨ ਦੇ ਹੁਕਮ ਦਿੱਤੇ ਹਨ। ਇਹ ਐਫਆਈਆਰ ਕੋਵਿਡ ਪ੍ਰੋਟੋਕੋਲ ਨੂੰ ਤੋੜਨ ਲਈ 2021 ਵਿੱਚ ਇਨ੍ਹਾਂ ਸਾਰੇ ਨੇਤਾਵਾਂ ਵਿਰੁੱਧ ਦਰਜ ਕੀਤੀ ਗਈ ਸੀ।
ਇਨ੍ਹਾਂ ਲੀਡਰਾਂ ਨੂੰ ਮਿਲੀ ਰਾਹਤ:ਅੱਜ ਹਾਈ ਕੋਰਟ ਵੱਲੋਂ ਜਿਨ੍ਹਾਂ ਆਗੂਆਂ ਨੂੰ ਰਾਹਤ ਦਿੱਤੀ ਗਈ ਹੈ, ਉਨ੍ਹਾਂ ਵਿੱਚ ਸਾਬਕਾ ਸੀਐਮ ਚਰਨਜੀਤ ਚੰਨੀ, ‘ਆਪ’ ਦੇ ਬੁਲਾਰੇ ਮਾਲਵਿੰਦਰ ਕੰਗ, ਅਰੁਣ ਨਾਰੰਗ ਤੋਂ ਇਲਾਵਾ ਭਾਜਪਾ ਦੇ ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਤਰੁਣ ਚੁੱਘ, ਮਨੋਰੰਜਨ ਕਾਲੀਆ, ਜੀਵਨ ਗੁਪਤਾ, ਬਲਦੇਵ ਚਾਵਲਾ, ਤੀਕਸ਼ਣ ਸੂਦ, ਸੁਭਾਸ਼ . ਸ਼ਰਮਾ, ਮਾਸਟਰ ਮੋਹਨ ਲਾਲ, ਸੁਰਜੀਤ ਕੁਮਾਰ ਜਿਆਣੀ ਅਤੇ ਕੇ.ਡੀ. ਭੰਡਾਰੀ ਦੇ ਨਾਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਵੱਖ-ਵੱਖ ਥਾਵਾਂ ’ਤੇ ਐਫਆਈਆਰ ਦਰਜ ਕੀਤੀ ਗਈ ਸੀ।
ਕੋਰੋਨਾ ਕਾਲ ਦੌਰਾਨ ਲੱਗਿਆ ਸੀ ਪ੍ਰੋਟੋਕਾਲ ਤੋੜਨ ਦਾ ਇਲਜ਼ਾਮ: ਦੱਸ ਦਈਏ ਪੂਰੀ ਦੁਨੀਆਂ ਵਿੱਚ ਕਹਿਰ ਬਣ ਕੇ ਬਰਸੀ ਕੋਰੋਨਾ ਮਹਾਮਾਰੀ (Corona epidemic) ਨੇ ਕਰੋੜਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਇਸ ਦੌਰਾਨ ਪੂਰੇ ਵਿਸ਼ਵ ਵਿੱਚ ਕੋਰੋਨਾ ਕਾਰਣ ਲੱਖਾਂ ਲੋਕਾਂ ਦੀ ਜਾਨ ਵੀ ਗਈ ਸੀ। ਇਹ ਮਹਾਮਾਰੀ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਜ਼ਿਆਦਾ ਫੈਲ ਰਹੀ ਸੀ। ਇਸ ਕਰਕੇ ਭਾਰਤ ਅਤੇ ਪੰਜਾਬ ਸਰਕਾਰ ਨੇ ਕੋਰੋਨਾ ਨੂੰ ਰੋਕਣ ਦੇ ਲਈ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਇਨ੍ਹਾਂ ਵਿੱਚ ਇਹ ਹਦਾਇਤ ਵੀ ਸ਼ਾਮਿਲ ਸੀ ਕਿ ਕੋਰੋਨਾ ਨੂੰ ਰੋਕਣ ਲਈ ਭੀੜ ਇਕੱਠੀ ਨਾ ਹੋਵੇ ਅਤੇ ਨਾ ਹੀ ਘਰੋਂ ਬਾਹਰ ਨਿਕਲਿਆ ਜਾਵੇ।
ਪ੍ਰਚਾਰ ਜਾਂ ਧਰਨਿਆਂ ਲਈ ਲੀਡਰਾਂ ਉੱਤੇ ਸੀ ਇਲਜ਼ਾਮ: ਦੱਸ ਦਈਏ ਕਾਂਗਰਸ,ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕਈ ਲੀਡਰਾਂ ਉੱਤੇ 2021 ਵਿੱਚ ਕੋਵਿਡ ਪ੍ਰੋਟੋਕਾਲ ਨੂੰ ਹਦਾਇਤਾਂ ਦੇ ਬਾਵਜੂਦ ਤੋੜਨ ਦਾ ਇਲਜ਼ਾਮ ਸੀ। ਇਹ ਵੀ ਯਾਦ ਰਹੇ ਕਿ ਸਾਲ 2022 ਵਿੱਚ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ (Vidhan Sabha elections in Punjab) ਹੋਣੀਆਂ ਸਨ ਅਤੇ ਇਸ ਲਈ 2021 ਵਿੱਚ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਲੋਕਾਂ ਵਿੱਚ ਪ੍ਰਚਾਰ ਲਈ ਜਾਂਦੇ ਸਨ ਅਤੇ ਇਸ ਦੌਰਾਨ ਹੀ ਇਨ੍ਹਾਂ ਆਗੂਆਂ ਉੱਤੇ ਕਈ ਥਾਈਂ ਪ੍ਰੋਟੋਕਾਲ ਤੋੜਨ ਦੇ ਮਾਮਲੇ ਦਰਜ ਹੋਏ ਸਨ। ਹੁਣ ਬਹੁਤ ਸਾਰੇ ਲੀਡਰਾਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਮਾਮਲੇ ਵਿੱਚ ਰਾਹਤ ਦਿੱਤੀ ਹੈ। (Covid Protocol FIR )