ਚੰਡੀਗੜ੍ਹ: ਪੰਜਾਬ ਹਰਿਆਣਾ ਹਾਈ ਕੋਰਟ ਨੇ ਪੀ.ਜੀ.ਆਈ ਨਰਸ ਦੇ ਜਣੇਪਾ ਛੁੱਟੀ ਦੀ ਅਰਜ਼ੀ ਨੂੰ ਰੱਦ ਕਰਨ ਦੇ ਫ਼ੈਸਲੇ ਵਿਰੁੱਧ ਦਾਖ਼ਲ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਭਾਵੇਂ ਪਹਿਲੇ ਦੋ ਬੱਚੇ ਉਸ ਦੇ ਜੈਵਿਕ ਬੱਚੇ ਨਹੀਂ ਹਨ, ਫਿਰ ਵੀ ਉਸ ਦਾ ਆਪਣਾ ਜੰਮਿਆ ਹੋਇਆ ਬੱਚਾ ਤੀਜਾ ਬੱਚਾ ਮੰਨਿਆ ਜਾਵੇਗਾ। ਅਜਿਹੀ ਸਥਿਤੀ 'ਚ ਉਹ ਜਣੇਪਾ ਛੁੱਟੀ ਦੀ ਹੱਕਦਾਰ ਨਹੀਂ ਹੈ।
ਜਣੇਪਾ ਛੁੱਟੀ ਦੀ ਕੀਤੀ ਸੀ ਪੀਜੀਆਈ ਨਰਸ ਨੇ ਮੰਗ
ਪਟੀਸ਼ਨ ਦਾਖ਼ਲ ਕਰਦਿਆਂ ਦੀਪਿਕਾ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 18 ਫਰਵਰੀ 2014 ਨੂੰ ਅਮਰ ਸਿੰਘ ਨਾਲ ਹੋਇਆ ਸੀ। ਅਮਰ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ, ਅਤੇ ਉਸ ਦੇ ਦੋ ਬੱਚੇ ਸਨ। ਪਟੀਸ਼ਨਕਰਤਾ ਦਾ ਪਹਿਲਾ ਬੱਚਾ 6 ਜੂਨ 2019 ਨੂੰ ਪੈਦਾ ਹੋਇਆ ਸੀ। ਉਸ ਵੱਲੋਂ 4 ਜੂਨ ਤੋਂ 30 ਨਵੰਬਰ 2019 ਤੱਕ ਜਣੇਪਾ ਛੁੱਟੀ ਲਈ ਅਰਜ਼ੀ ਦਿੱਤੀ ਸੀ।ਅਰਜ਼ੀ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਸੀ ਕਿ ਉਸ ਦੇ ਪਹਿਲਾਂ ਹੀ ਦੋ ਜੀਵਿਤ ਬੱਚੇ ਹਨ ਅਤੇ ਇਹ ਛੁੱਟੀ ਸਿਰਫ਼ ਦੋ ਜੀਵਿਤ ਬੱਚਿਆਂ ਤੋਂ ਘੱਟ ਹੋਣ ਦੀ ਸੂਰਤ 'ਚ ਦਿੱਤੀ ਜਾਂਦੀ ਹੈ।