ਚੰਡੀਗੜ੍ਹ: ਸਨਿੱਚਰਵਾਰ ਤੋਂ ਹੀ ਪੰਜਾਬ ਵਿੱਚ ਮੀਂਹ ਦਾ ਕਹਿਰ ਜਾਰੀ ਹੈ। ਮੀਂਹ ਪੈਣ ਕਾਰਨ ਡੈਮ ਅਤੇ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਾਰਨ ਕਈ ਪਿੰਡਾਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਸਤਲੁਜ ਦਰਿਆ ਦਾ ਪਾਣੀ ਵੱਧਣ ਕਾਰਨ ਪੰਜਾਬ, ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਹੜ੍ਹ ਆਉਣ ਦੀ ਚਿਤਵਾਨੀ ਜਾਰੀ ਕੀਤੀ ਗਈ ਹੈ।
ਭਾਖੜਾ ਬੰਨ੍ਹ ਦੇ ਫ਼ਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ ਫ਼ਿਰੋਜ਼ਪੁਰ, ਲੁਧਿਆਣਾ, ਜਲੰਧਰ, ਮੋਗਾ ਤੇ ਰੋਪੜ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਮੁਹਾਲੀ ’ਚ ਵੀ ਬੰਨ੍ਹ ਟੁੱਟਣ ਕਾਰਨ ਚਾਰ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ। ਪੰਜਾਬ ਵਿੱਚ ਹੜ੍ਹ ਦੀ ਸਥਿਤੀ ਨੂੰ ਵੇਖਦਿਆਂ 186 ਪਿੰਡ ਖ਼ਾਲੀ ਕਰਵਾਉਣੇ ਪਏ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਹੈ।
ਇਹ ਵੀ ਪੜੋ: ਜੇ ਪਾਕਿਸਤਾਨ ਨਾਲ਼ ਗੱਲ ਹੋਵੇਗੀ ਤਾਂ ਮਕਬੂਜ਼ਾ ਕਸ਼ਮੀਰ ਬਾਰੇ ਹੀ ਹੋਵੇਗੀ: ਰਾਜਨਾਥ ਸਿੰਘ
ਜਲੰਧਰ ਦੇ ਫਿਲੌਰ ਇਲਾਕੇ ਵਿੱਚ ਚਾਰ ਅਲੱਗ-ਅਲੱਗ ਜਗ੍ਹਾਂ ਤੋਂ ਮੀਂਹ ਦੇ ਪਾਣੀ ਨੇ ਬੰਨ੍ਹ ਤੋੜ ਦਿੱਤਾ ਹੈ। ਬੰਨ੍ਹ ਟੁੱਟਣ ਕਰਕੇ ਪਾਣੀ ਲੋਕਾਂ ਦੇ ਖੇਤਾਂ ਵਿੱਚ ਵੜ ਗਿਆ ਹੈ। ਸਤਲੁਜ ਨਦੀ ਦਾ ਪਾਣੀ ਲਗਾਤਾਰ ਵਧਣ ਕਰਕੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਸ਼ਾਹਕੋਟ ਅਤੇ ਫਿਲੌਰ ਵਰਗੇ ਇਲਾਕੇ ਦੇ ਲੋਕ ਸਹਿਮੇ ਹੋਏ ਹਨ। ਖੇਤਾਂ ਵਿੱਚ ਪਾਣੀ ਵੜਨ ਕਾਰਨ ਲੋਕਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਮੌਕੇ 'ਤੇ NDRF ਦੀ ਟੀਮ ਨੇ ਆਪਣਾ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਪਾਣੀ ਦੇ ਵੱਧਦੇ ਪੱਧਰ ਨੂੰ ਵੇਖਦਿਆਂ ਕਈ ਪਿੰਡਾਂ ਨੂੰ ਖ਼ਾਲੀ ਕਰਵਾਉਣ ਦੇ ਹੁਕਮ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਥਿਤੀ ਤੋਂ ਨਜਿੱਠਿਆ ਜਾ ਸਕੇ। ਜਲੰਧਰ, ਫ਼ਿਰੋਜ਼ਪੁਰ, ਰੂਪਨਗਰ ਦੇ ਕੁਝ ਪਿੰਡਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਇਹ ਵੀ ਜਾਣਕਾਰੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਹਲਾਤਾਂ ਦਾ ਜਾਇਜ਼ਾ ਲੈਣ ਲਈ ਹਵਾਈ ਸਰਵੇਖਣ ਕਰਨਗੇ।