ਚੰਡੀਗੜ੍ਹ ਡੈਸਕ :ਮਾਨਸੂਨ ਨੇ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ, ਪੱਛਮੀ ਗੜਬੜੀ ਅਤੇ ਮਾਨਸੂਨ ਹਵਾਵਾਂ ਦੇ ਸਰਗਰਮ ਹੋਣ ਕਾਰਨ, ਉੱਤਰ ਪੱਛਮੀ ਭਾਰਤ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਵਿੱਚ ਦਿੱਲੀ, ਪੰਜਾਬ ਤੇ ਹਰਿਆਣਾ ਸਮੇਤ ਕਈ ਸੂਬੇ ਸ਼ਾਮਲ ਹਨ। ਉੱਤਰੀ ਅਤੇ ਪੱਛਮੀ ਭਾਰਤ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਹਿਮਾਚਲ ਪ੍ਰਦੇਸ਼ ਸਮੇਤ ਪਹਾੜੀ ਰਾਜਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਯਮਨਾ ਨਦੀ ਦੇ ਤੇਜ਼ ਵਹਾਅ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹੜ੍ਹ ਦਾ ਖਤਰਾ ਹੈ। ਪੰਜਾਬ ਸਰਕਾਰ ਨੇ ਮੁਹਾਲੀ ਵਿੱਚ ਰਾਹਤ ਕਾਰਜਾਂ ਲਈ ਫੌਜ ਤਾਇਨਾਤ ਕਰਨ ਦੀ ਬੇਨਤੀ ਕੀਤੀ ਹੈ।
"ਪੰਜਾਬ ਦੇ ਵਸਨੀਕਾਂ ਨੂੰ ਮੇਰੀ ਅਪੀਲ ਹੈ ਕਿ ਕਿਸੇ ਕਿਸਮ ਦੀ ਘਬਰਾਹਟ ਵਿੱਚ ਨਾ ਆਉਣ, ਮੈਂ ਪੰਜਾਬ ਦੇ ਹਰ ਛੋਟੇ ਵੱਡੇ ਅਧਿਕਾਰੀਆਂ ਨਾਲ ਪੰਜਾਬ ਦੇ ਕੋਨੇ ਕੋਨੇ ਤੋਂ ਪਾਣੀ ਦੀ ਪਲ ਪਲ ਦੀ ਜਾਣਕਾਰੀ ਲੈ ਰਿਹਾ ਹਾਂ, ਕੁਦਰਤੀ ਆਫ਼ਤ ਹੈ ਮਿਲਜੁਲ ਕੇ ਇਸਦਾ ਸਾਹਮਣਾ ਕਰਾਂਗੇ, ਸਰਕਾਰ ਲੋਕਾਂ ਦੇ ਨਾਲ ਹੈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।" - ਭਗਵੰਤ ਮਾਨ, ਮੁੱਖ ਮੰਤਰੀ
ਪੰਜਾਬ ਵਿੱਚ ਹਾਲਾਤ :ਪੰਜਾਬ ਵਿੱਚ ਵੀ ਲਗਾਤਾਰ ਵਰ੍ਹ ਰਹੇ ਮੀਂਹ ਕਾਰਨ ਕਈ ਇਲਾਕੇ ਪ੍ਰਭਾਵਿਤ ਹੋਏ ਹਨ। ਨਹਿਰਾਂ ਤੇ ਡਰੇਨਾਂ ਦਾ ਪਾਣੀ ਓਵਰਫਲੋ ਹੇ ਕੇ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ਉਤੇ ਕਾਫੀ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਆਪਣਾ ਜਾਨੀ ਤੇ ਮਾਲੀ ਨੁਕਸਾਨ ਬਚਾਉਣ ਲਈ ਹੰਭਲਾ ਮਾਰ ਰਹੇ ਹਨ। ਲਗਾਤਾਰ ਓਵਰ ਫਲੋ ਹੋ ਰਹੀਆਂ ਨਹਿਰਾਂ ਕਾਰਨ ਕਈ ਸ਼ਹਿਰਾਂ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਮੰਤਰੀਆਂ, ਡਿਪਟੀ ਕਮਿਸ਼ਨਰਾਂ, ਪੁਲਿਸ ਦੇ ਸੀਨੀਅਰ ਸੁਪਰਡੈਂਟਾਂ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਅਤੇ ਲੋਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਰਿਆਣਾ ਵਿੱਚ ਤਿੰਨ ਨਦੀਆਂ ਮਾਰਕੰਡਾ, ਘੱਗਰ ਅਤੇ ਟਾਂਗਰੀ ਖਤਰੇ ਦੇ ਨਿਸ਼ਾਨ ਦੇ ਨੇੜੇ ਵਹਿਣ ਨੂੰ ਲੈ ਕੇ ਇੱਕ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
ਹਰੀਕੇ ਹੈੱਡ ਦੇ ਗੇਟ ਖੋਲ੍ਹੇ :ਹਰੀਕੇ ਹੈੱਡ ਵਰਕਸ ਦੇ ਚਾਰ ਗੇਟ ਖੋਲ੍ਹਣ ਮਗਰੋਂ ਡਾਊਨ ਸਟਰੀਮ ਪਾਣੀ ਦਾ ਅੰਕੜਾ 40 ਹਜ਼ਾਰ ਨੂੰ ਪਾਰ ਕਰ ਗਿਆ। ਨਹਿਰੀ ਵਿਭਾਗ ਦੇ ਉਪ ਮੰਡਲ ਅਫਸਰ ਨਵੀਨ ਗੁਪਤਾ ਦੇ ਮੁਤਾਬਕ ਪਾਣੀ ਦੀ ਆਮਦ 34 ਹਜ਼ਾਰ ਹੈ, ਪਰ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਡਾਊਨ ਸਟਰੀਮ ਨੂੰ ਵੱਧ ਪਾਣੀ ਰਿਲੀਜ਼ ਕਰ ਕੇ ਪੁਲ ਦਾ ਪੌਂਡ ਖੇਤਰ ਖਾਲੀ ਕੀਤਾ ਜਾ ਰਿਹਾ ਹੈ, ਜਦਕਿ ਰਾਜਸਥਾਨ ਤੇ ਫਿਰੋਜ਼ਪੁਰ ਫੀਡਰ ਨੂੰ ਨਾਮਾਤਰ ਪਾਣੀ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਮਖੂ ਕੈਨਾਲ ਦਾ ਗੇਟ ਟੁੱਟ ਜਾਣ ਕਾਰਨ ਮੁਕੰਮਲ ਬੰਦ ਕਰ ਦਿੱਤਾ ਅਤੇ ਬਚਾਅ ਕਾਰਜ ਜਾਰੀ ਰੱਖਦਿਆਂ ਮਿੱਟੀ ਦੇ ਬੋਰੇ ਲਗਾਏ ਜਾ ਰਹੇ ਹਨ। ਵਿਭਾਗੀ ਅਫਸਰਾਂ ਵੱਲੋਂ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਲਈ ਪੁਖਤਾ ਪ੍ਰਬੰਧਾਂ ਦਾ ਦਾਅਵਾ ਕਰਦਿਆਂ ਕੱਲ੍ਹ ਤੱਕ ਪਾਣੀ ਦੀ ਆਮਦ ਸਵਾ ਲੱਖ ਕਿਊਸਿਕ ਦੱਸੀ ਜਾ ਰਹੀ ਹੈ।