ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੌਰਾਨ ਅੱਜ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਉਤੇ ਬਹਿਸ ਹੋਈ। ਜਿਸ ਦੌਰਾਨ ਸਦਨ ਵਿਚ ਜ਼ੋਰਦਾਰ ਹੰਗਾਮਾ ਵੇਖਣ ਨੂੰ ਮਿਲਆ। ਵਿਰੋਧੀ ਧਿਰਾਂ ਵੱਲੋਂ ਸਦਨ ਵਿਚ ਕਈ ਮੁੱਦਿਆਂ 'ਤੇ ਸਰਕਾਰ ਨੂੰ ਕਿੰਤੂ ਕੀਤਾ ਗਿਆ ਅਤੇ ਸਰਕਾਰ ਵੱਲੋਂ ਪੇਸ਼ ਬਜਟ ਉਤੇ ਵੀ ਸ਼ੰਕੇ ਜ਼ਾਹਰ ਕੀਤੇ ਗਏ। ਵਿਧਾਨ ਸਭਾ ਇਜਲਾਸ ਦੌਰਾਨ ਕਈ ਵਾਰ ਤੂੰ-ਤੂੰ ਮੈਂ-ਮੈਂ ਵਾਲੀ ਸਥਿਤੀ ਵੀ ਪੈਦਾ ਹੋਈ।
ਸਦਨ ਦੀ ਕਾਰਵਾਈ ਨੂੰ 22 ਮਾਰਚ ਤੱਕ ਮੁਲਤਵੀ ਕੀਤਾ ਗਿਆ ਹੈ। ਅਗਲਾ ਸੈਸ਼ਨ 22 ਮਾਰਚ ਨੂੰ ਸ਼ੁਰੂ ਹੋਵੇਗਾ। 23 ਮਾਰਚ ਦੀ ਛੁੱਟੀ ਰਹੇਗੀ ਅਤੇ 24 ਮਾਰਚ ਨੂੰ ਮੁੜ ਤੋਂ ਵਿਧਾਨ ਸਭਾ ਇਜਲਾਸ ਹੋਵੇਗਾ। ਸਦਨ ਵਿਚੋਂ ਬਾਹਰ ਆਉਂਦਿਆਂ ਹੀ ਵਿਧਾਨ ਸਭਾ ਮੈਂਬਰਾਂ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ। ਜਿਸ ਵਿਚ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਸਵਾਲ ਵੀ ਕੀਤੇ ਗਏ ਅਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਵੀ ਗਏ।
ਬਜਟ ਉਤੇ ਬਹਿਸ ਲਈ 4 ਦਿਨ ਦਾ ਸਮਾਂ ਹੋਣਾ ਚਾਹੀਦਾ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਜਟ ਉੱਤੇ ਬਹਿਸ ਲਈ ਇਕ ਦਿਨ ਦਾ ਸਮਾਂ ਨਾਕਾਫ਼ੀ ਦੱਸਿਆ। ਉਨ੍ਹਾਂ ਪੰਜਾਬ ਦੇ ਹਾਲਾਤਾਂ ਤੇ ਚਰਚਾ ਅਤੇ ਸੁਧਾਰ ਲਈ ਚਰਚਾ ਤੇ 3 ਤੋਂ 4 ਦਿਨ ਦਾ ਸਮਾਂ ਸਰਕਾਰ ਵੱਲੋਂ ਦਿੱਤੇ ਜਾਣ ਦੀ ਮੰਗ ਕੀਤੀ। ਉਹਨਾਂ ਆਖਿਆ ਕਿ ਕਾਂਗਰਸ ਦੇ ਸਮੇਂ ਵਿਧਾਨ ਸਭਾ ਇਜਲਾਸ ਇਸਤੋਂ ਕਿਤੇ ਲੰਬਾ ਹੁੰਦਾ ਸੀ ਅਤੇ ਲੋਕ ਮੁੱਦਿਆਂ 'ਤੇ ਚਰਚਾ ਹੁੰਦੀ ਸੀ। ਬਜਟ ਸੈਸ਼ਨ ਹੋਰ ਵੀ ਲੰਬਾ ਹੋਣਾ ਚਾਹੀਦਾ ਸੀ। ਸਰਕਾਰ ਆਪਣੀ ਨਾਕਾਮੀਆਂ ਲੁਕਾਉਣ ਲਈ ਸਦਨ ਇਜਲਾਸ ਦਾ ਸਮਾਂ ਘੱਟ ਰੱਖਦੀ ਹੈ।
ਸਰਕਾਰ ਕਰਦੀ ਹੈ ਪੱਖਪਾਤ : ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਸਪੀਕਰ ਉੱਤੇ ਵਿਤਕਰਾ ਕਰਨ ਦੇ ਦੋਸ਼ ਲਗਾਏ। ਉਥੇ ਹੀ ਸਦਨ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਣ ਉੱਤੇ ਵੀ ਨਿਰਾਸ਼ਾ ਜਤਾਈ। ਉਹਨਾਂ ਆਖਿਆ ਲਾਈਵ ਟੈਲੀਕਾਸਟ ਦੌਰਾਨ ਕੈਮਰੇ ਵਿਚ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਦੇ ਚਿਹਰੇ ਨਹੀਂ ਵਿਖਾਏ ਜਾਂਦੇ। ਕੈਮਰੇ ਦਾ ਫੋਕਸ ਆਪ ਵਿਧਾਇਕਾਂ ਅਤੇ ਮੰਤਰੀਆਂ ਤੇ ਹੀ ਰਹਿੰਦਾ ਹੈ। ਵਿਰੋਧੀ ਧਿਰਾਂ ਨੂੰ ਬੋਲਣ ਦਾ ਸਮਾਂ ਹੀ ਨਹੀਂ ਦਿੱਤਾ ਜਾਂਦਾ। ਉਹਨਾਂ ਬਜਟ ਇਜਲਾਸ ਨੂੰ ਸਭ ਤੋਂ ਛੋਟਾ ਇਜਲਾਸ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਉਹ ਬਜਟ ਤੇ ਜ਼ੋਰਦਾਰ ਬਹਿਸ ਕਰਨਗੇ।