ਚੰਡੀਗੜ੍ਹ: ਬਰਗਾੜੀ ਬੇਅਦਬੀ ਮਾਮਲੇ ਵਿੱਚ ਕੇਸ ਦੀ ਸੁਣਵਾਈ ਸੋਮਵਾਰ ਨੂੰ ਮੋਹਾਲੀ ਅਦਾਲਤ ਵਿੱਚ ਹੋਈ। ਇਸ ਦੌਰਾਨ ਸੀਬੀਆਈ, ਪੰਜਾਬ ਸਰਕਾਰ ਅਤੇ ਸ਼ਿਕਾਇਤ ਕਰਤਾਵਾਂ ਅਤੇ ਡੇਰਾ ਸਿਰਸਾ ਦੇ ਵਕੀਲਾਂ ਵਿੱਚ ਭਖਵੀਂ ਬਹਿਸ ਹੋਈ।
ਸੀਬੀਆਈ ਨੇ ਅਦਾਲਤ ਨੂੰ ਅਪੀਲ ਕੀਤੀ ਸੀ, ਜਦੋਂ ਤੱਕ ਸੁਪਰੀਮ ਕੋਰਟ ਉਸ ਦੀ ਮੁੜ ਵਿਚਾਰ ਪਟੀਸ਼ਨ 'ਤੇ ਕੋਈ ਫ਼ੈਸਲਾ ਨਹੀਂ ਸੁਣਾਉਂਦਾ, ਉਦੋਂ ਤੱਕ ਸਿੱਟ ਜਾਂਚ 'ਤੇ ਰੋਕ ਲਗਾਈ ਜਾਵੇ, ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਸੀਬੀਆਈ ਵੱਲੋਂ ਜਾਂਚ 'ਤੇ ਰੋਕ ਲਗਾਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ ਸੀ।
ਸੋਮਵਾਰ 20 ਜੁਲਾਈ ਨੂੰ ਹੋਈ ਸੁਣਵਾਈ ਦੌਰਾਨ ਸੀਬੀਆਈ ਨੇ ਇੱਕ ਵਾਰ ਮੁੜ ਸਿੱਟ ਜਾਂਚ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ, ਜਦਕਿ ਇਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਜਾਂਚ ਕਰਨਾ ਸਾਡਾ ਅਧਿਕਾਰ ਹੈ, ਉਧਰ ਸ਼ਿਕਾਇਤਕਰਤਾ ਦੇ ਵਕੀਲ ਨੇ ਵੱਖ-ਵੱਖ 2 ਅਰਜ਼ੀਆਂ ਅਦਾਲਤ ਵਿੱਚ ਦਿੱਤੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਕੇਸ ਦੀ ਇਸ ਸਟੇਜ 'ਤੇ ਮੁਲਜ਼ਮਾਂ ਨੂੰ ਨਾ ਸੁਣਿਆ ਜਾਵੇ। ਉਨ੍ਹਾਂ ਨੂੰ ਇਸ ਪੂਰੀ ਕਾਰਵਾਈ ਤੋਂ ਬਾਹਰ ਰੱਖਿਆ ਜਾਵੇ। ਦੂਜੀ ਪਟੀਸ਼ਨ ਵਿੱਚ ਕਿਹਾ ਹੈ ਕਿ ਸੀਬੀਆਈ ਦੱਸੇ ਕਿ ਸੁਪਰੀਮ ਕੋਰਟ ਵਿੱਚ ਪਾਈ ਗਈ ਰਿਵਿਊ ਪਟੀਸ਼ਨ ਦਾ ਸਟੇਟਸ ਕੀ ਹੈ ? ਮਾਰਚ ਮਹੀਨੇ ਵਿੱਚ ਪਾਈ ਗਈ ਪਟੀਸ਼ਨ 'ਤੇ ਹੁਣ ਤੱਕ ਸੁਣਵਾਈ ਕਿਉਂ ਨਹੀਂ ਹੋਈ ? ਸਿਰਫ਼ ਡਾਇਰੀ ਨੰਬਰ ਹੀ ਵਿਖਾ ਦਿੱਤਾ ਜਾਂਦਾ ਹੈ ਪਰ ਹੁਣ ਤੱਕ ਸੀਬੀਆਈ ਨੇ ਸਟੇਟਸ ਨਹੀਂ ਦੱਸਿਆ ਹੈ।