ਚੰਡੀਗੜ੍ਹ:ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਚੱਲ ਰਹੀ ਖਿੱਚੋਤਾਣ ਜਾਰੀ ਹੈ, ਪਰ ਇਸ ਵਿਚਾਲੇ ਇੱਕ ਤਸਵੀਰ ਸਾਹਮਣੇ ਆਈ ਹੈ, ਜੋ ਖੁਸ਼ੀ ਦੇ ਪਲਾਂ ਵਿੱਚ ਉਨ੍ਹਾਂ ਦੇ ਇੱਕਠੇ ਹੋਣ ਦਾ ਸਬੂਤ ਵੀ ਦਿੰਦੀ ਹੈ। ਜੇਕਰ ਗੱਲ ਬਜਟ ਇਜਲਾਸ ਦੀ ਕਰੀਏ ਤਾਂ ਪੰਜਾਬ ਸਰਕਾਰ ਬਜਟ ਸੈਸ਼ਨ ਬੁਲਾਉਣ ਦੀ ਇਜਾਜ਼ਤ ਲਈ ਰਾਜਪਾਲ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਹੋਵੇਗੀ।
ਦੁਪਹਿਰ ਤੱਕ ਹੋਵੇਗੀ ਸੁਣਵਾਈ:ਆਪ ਸਾਂਸਦ ਰਾਘਵ ਚੱਢਾ ਨੇ ਟਵੀਟ ਕਰਦਿਆ ਲਿਖਿਆ ਕਿ ਮਾਣਯੋਗ ਸੁਪਰੀਮ ਕੋਰਟ ਪੰਜਾਬ ਮੰਤਰੀ ਮੰਡਲ ਦੀ ਸਲਾਹ ਦੇ ਪਾਬੰਦ ਹੋਣ ਦੇ ਬਾਵਜੂਦ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਬੁਲਾਉਣ ਲਈ ਰਾਜਪਾਲ ਦੀ ਇੱਛਾ ਨਾ ਰੱਖਣ ਦੇ ਮੁੱਦੇ 'ਤੇ ਪੰਜਾਬ ਸਰਕਾਰ ਵੱਲੋਂ ਪਾਈ ਗਈ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਸਹਿਮਤ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਦੁਪਹਿਰ ਸਾਢੇ ਤਿੰਨ ਵਜੇ ਮਾਣਯੋਗ ਸੁਪਰੀਮ ਕੋਰਟ ਕਰੇਗੀ।
ਪੰਜਾਬ ਦਾ ਬਜਟ ਸੈਸ਼ਨ 3 ਮਾਰਚ ਤੋਂ :ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਰਾਜਪਾਲ ਤੋਂ 22 ਫਰਵਰੀ ਨੂੰ ਹੀ ਸਦਨ ਬੁਲਾਉਣ ਦੀ ਇਜਾਜ਼ਤ ਮੰਗੀ ਗਈ ਸੀ, ਪਰ ਰਾਜਪਾਲ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਸੀ। ਦੱਸ ਦੇਈਏ ਕਿ ਪੰਜਾਬ ਦਾ ਬਜਟ ਸੈਸ਼ਨ 3 ਮਾਰਚ ਤੋਂ ਸ਼ੁਰੂ ਹੋਣਾ ਹੈ ਅਤੇ ਬਜਟ 10 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ। ਪਰ, ਪੰਜਾਬ ਦੇ ਰਾਜਪਾਲ ਪੁਰੋਹਿਤ ਵੱਲੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ, ਸਗੋਂ ਇਸ ਸਬੰਧੀ ਕਾਨੂੰਨੀ ਸਲਾਹ ਲੈਣ ਦੀ ਗੱਲ ਕਹੀ ਗਈ ਹੈ।
ਸੀਐਮ ਮਾਨ ਦਾ ਟਵੀਟ-ਲੋਕਤੰਤਰ ਦੀ ਤਲਾਸ਼ ਜਾਰੀ : ਰਾਜਪਾਲ ਵੱਲੋਂ ਇਜਾਜ਼ਤ ਨਾ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਖ ਤੋਂ ਟਵੀਟ ਸਾਹਮਣੇ ਆਇਆ ਸੀ। ਉਨ੍ਹਾਂ ਲਿਖਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਝਲਕੀਆਂ। ਦਿੱਲੀ 'ਚ ਬਹੁਮਤ ਦੇ ਬਾਵਜੂਦ ਮੇਅਰ ਬਣਾਉਣ ਲਈ ਸੁਪਰੀਮ ਕੋਰਟ ਜਾਣਾ ਪੈਂਦਾ। ਡਿਪਟੀ ਮੇਅਰ ਬਣਾਉਣ ਲਈ ਸੁਪਰੀਮ ਕੋਰਟ ਜਾਣਾ ਪੈਂਦਾ। ਪੰਜਾਬ ਵਿਧਾਨਸਭਾ ਬਜਟ ਸੈਸ਼ਨ ਚਲਾਉਣ ਲਈ ਸੁਪਰੀਮ ਕੋਰਟ ਜਾਣਾ ਪਿਆ। ਲੋਕਤੰਤਰ ਦੀ ਅਜੇ ਤਲਾਸ਼ ਜਾਰੀ ਹੈ।
ਰਾਜਪਾਲ ਬਨਵਾਰੀਲਾਲ ਪੁਰੋਹਿਤ ਦੀ ਪੋਤੀ ਦੇ ਵਿਆਹ ਮੌਕੇ ਦੀ ਤਸਵੀਰ
ਤਕਰਾਰ, ਪਰ ਖੁਸ਼ੀ ਮੌਕੇ ਇੱਕ ਮਿਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਇਸ ਸਮੇਂ ਤਕਰਾਰ ਚੱਲ ਰਹੀ ਹੈ। ਰਾਜਪਾਲ ਦੀ ਤਰਫੋਂ ਮਾਨ ਸਰਕਾਰ ਨੂੰ ਬਜਟ ਸੈਸ਼ਨ ਬੁਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਦੂਜੇ ਪਾਸੇ ਪੰਜਾਬ ਸਰਕਾਰ ਰਾਜਪਾਲ ਖਿਲਾਫ ਸੁਪਰੀਮ ਕੋਰਟ ਪਹੁੰਚੀ, ਜਿਸ ਉੱਤੇ ਅੱਜ ਸੁਣਵਾਈ ਹੋਵੇਗੀ। ਪਰ, ਦਿੱਲੀ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੀ ਪੋਤੀ ਦੇ ਵਿਆਹ 'ਚ ਸਾਰੇ ਸਿਆਸਤਦਾਨ ਇਕੱਠੇ ਵੇਖੇ ਗਏ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਪ੍ਰਿੰਸੀਪਲ ਸਿੰਗਾਪੁਰ ਵਿੱਚ ਵਿਸ਼ੇਸ਼ ਟ੍ਰੇਨਿੰਗ ਲਈ ਗਏ ਸਨ ਅਤੇ ਪ੍ਰਿੰਸੀਪਲਾਂ ਦੀ ਚੋਣ ਨੂੰ ਲੈਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੀਐੱਮ ਮਾਨ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ ਸਨ। ਰਾਜਪਾਲ ਨੇ ਕਿਹਾ ਸੀ ਕਿ ਪ੍ਰਿੰਸੀਪਲਾਂ ਦੀ ਚੋਣ ਕਿਸ ਪੈਮਾਨੇ ਤਹਿਤ ਹੋਈ, ਪ੍ਰਿੰਸੀਪਲਾਂ ਦੀ ਚੋਣ ਲਈ ਪੰਜਾਬ ਸਰਕਾਰ ਨੇ ਕਿਹੜਾ ਇਸ਼ਤਿਹਾਰ ਜਨਤਕ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਮਾਨ ਇਹ ਵੀ ਦੱਸਣ ਕਿ, ਪ੍ਰਿੰਸੀਪਲ ਇਸ ਵਿੱਦਿਅਕ ਸੈਸ਼ਨ ਦੌਰਾਨ ਕੀ ਖ਼ਾਸ ਸਿਖ ਆਏ ਸਨ ਅਤੇ ਉਨ੍ਹਾਂ 'ਤੇ ਕਿੰਨ੍ਹਾਂ ਖ਼ਰਚਾ ਹੋਇਆ।
ਇਹ ਵੀ ਪੜ੍ਹੋ:Petition Against Ram Rahim Parole: ਐਸਜੀਪੀਸੀ ਦੀ ਪਟਿਸ਼ਨ ਉੱਤੇ ਸੁਣਵਾਈ, ਹਰਿਆਣਾ ਸਰਕਾਰ ਸਮੇਤ ਇਹ ਧਿਰਾਂ ਕਰਨਗੀਆਂ ਜਵਾਬ ਦਾਖ਼ਲ